ਅਤਿਵਾਦ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਲਈ ਐਮ.ਬੀ.ਬੀ.ਐਸ. ਦੀਆਂ ਸੀਟਾਂ ਕੀਤੀਆਂ ਰਾਖਵੀਆਂ

ਮੋਗਾ, 10 ਸਤੰਬਰ 2024 : ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਵਿਦਿਅਕ ਸੈਸ਼ਨ 2024-25 ਦੌਰਾਨ ਵੱਖ-ਵੱਖ ਮੈਡੀਕਲ ਕਾਲਜਾਂ/ਸੰਸਥਾਵਾਂ ਵਿੱਚ ਕੇਂਦਰੀ ਪੂਲ ਰਾਹੀਂ ਐਮ.ਬੀ.ਬੀ.ਐਸ. ਦੀਆਂ 4 ਸੀਟਾਂ ਅਤਿਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਵਿੱਚੋਂ ਭਰਨ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਬੱਚਿਆਂ ਦੇ ਮਾਂ ਤੇ ਬਾਪ (ਦੋਵੇਂ) ਅਤਿਵਾਦ ਦੌਰਾਨ ਮਾਰੇ ਗਏ ਹੋਣ ਜਾਂ ਜਿਹੜੇ ਬੱਚਿਆਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਅਤਿਵਾਦ ਦੌਰਾਨ ਮਾਰੇ ਗਏ ਹੋਣਗੇ ਜਾਂ ਪਰਿਵਾਰ ਲਈ ਰੋਟੀ ਕਮਾਉਣ ਵਾਲੇ ਇੱਕੋ ਇੱਕ ਵਿਅਕਤੀ ਅਤਿਵਾਦ ਦੌਰਾਨ ਮਾਰੇ ਗਏ ਹੋਣ ਜਾਂ ਅਪੰਗ ਹੋ ਗਏ ਹੋਣ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ।ਇਸ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਏ.ਐਨ. ਮਗਧ ਮੈਡੀਕਲ ਕਾਲਜ, ਗਯਾ (ਬਿਹਾਰ) ਅਤੇ ਗ੍ਰਾਂਟ ਮੈਡੀਕਲ ਕਾਲਜ, ਮੁੰਬਈ (ਮਹਾਰਾਸ਼ਟਰ) ਵਿੱਚ ਇੱਕ-ਇੱਕ ਸੀਟ ਜਦਕਿ ਪੰਡਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ, ਰਾਏਪੁਰ (ਛੱਤੀਸਗੜ੍ਹ) ਵਿੱਚ ਇਸ ਵਰਗ ਲਈ ਦੋ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਚਾਹਵਾਨ ਵਿਦਿਆਰਥੀ ਅਤਿਵਾਦ ਦੌਰਾਨ ਮਾਰੇ ਜਾਂ ਅਤਿਵਾਦ ਦੌਰਾਨ ਅਪੰਗ ਹੋਏ ਵਿਅਕਤੀ ਦਾ ਜੀਵਨ ਸਾਥੀ ਜਾਂ ਬੱਚੇ ਹੋਣੇ ਚਾਹੀਦੇ ਹਨ। ਪੰਜਾਬ ਦੇ ਯੋਗ ਵਿਦਿਆਰਥੀ ਵੀ ਇਨ੍ਹਾਂ ਸੀਟਾਂ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੀਟਾਂ ਲਈ ਯੋਗਤਾ ਦੇ ਮਾਪਦੰਡਾਂ ਤਹਿਤ ਉਮੀਦਵਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ ਦਾਖ਼ਲੇ ਸਮੇਂ 17 ਸਾਲ ਹੋਵੇ ਜਾਂ ਉਹ ਅੰਡਰਗਰੈਜੂਏਟ ਮੈਡੀਕਲ ਕੋਰਸ ਵਿੱਚ ਦਾਖ਼ਲੇ ਦੇ ਪਹਿਲੇ ਸਾਲ ਵਿੱਚ 31 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਇਹ ਉਮਰ ਪੂਰੀ ਕਰਦਾ ਹੋਵੇ। ਇਹ ਅਰਜੀਆਂ 17 ਸਤੰਬਰ, 2024 ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਹੁੰਚ ਜਾਣੀਆਂ ਚਾਹੀਦੀਆਂ ਹਨ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਫਾਰਮ ਮੰਤਰਾਲੇ ਦੀ ਵੈੱਬਸਾਈਟ (https://mha.gov.in) ਤੋਂ ਡਾਊਨਲੋਡ ਕਰਕੇ ਹੋਰ ਜਾਣਕਾਰੀ ਅਤੇ ਸ਼ਰਤਾਂ ਵੇਖੀਆਂ ਜਾ ਸਕਦੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਫੁਟਕਲ ਸ਼ਾਖਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।