ਲੁਧਿਆਣਾ ਵਿੱਚ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਨੂੰ ਕੁਚਲਿਆ, ਦੋ ਦੀ ਹਾਲਤ ਨਾਜ਼ੁਕ

ਲੁਧਿਆਣਾ, 18 ਜੂਨ 2024 : ਲੁਧਿਆਣਾ ਵਿੱਚ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ 4 ਲੋਕਾਂ ਨੂੰ ਕੁਚਲ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਵੰਧੀ ਸੜਕ ਤੇ ਪੈਂਦੇ ਸਰਕਾਰੀ ਸਕੂਲ ਦੇ ਨਜ਼ਦੀਕ ਇੱਕ ਬੇਕਾਬੂ ਕਾਰ ਜਿਸਨੂੰ ਇੱਕ ਲੜਕੀ ਚਲਾ ਰਹੀ ਸੀ ਨੇ 2 ਸਕੂਲੀ ਬੱਚਿਆਂ ਸਮੇਤ 4 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਦੋਵੇਂ ਬੱਚਿਆਂ ਦੀ ਲੱਤਾਂ ਟੁੱਟ ਗਈਆਂ  ਅਤੇ ਦੂਸਰੇ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਾਰ ਚਾਲਕ ਲੜਕੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੌਕੇ ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਸੀ ਜਿਸ ਕਾਰਨ ਕਾਰ ਚਾਲਕ ਆਪਣਾ ਸਤੰਲਨ ਖੋਹ ਬੈਠੀ ਅਤੇ ਸਕੂਲੀ ਬੱਚਿਆਂ ਅਤੇ ਹੋਰਨਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ 5 ਮੋਟਰਸਾਈਕਲਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਹਾਦਸਾ ਕਾਰ ਦੇ ਬੇਕਾਬੂ ਹੋਣ ਕਾਰਨ ਵਾਪਰਿਆ, ਜਿਸ ਵਿੱਚ ਦੋ ਬੱਚਿਆਂ ਸਮੇਤ 4 ਲੋਕ ਜਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਖਮੀਆਂ ਨੂੰ ਪੰਚਮ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਸਕੂਲੀ ਬੱਚਿਆਂ ਦੀ ਪਹਿਚਾਣ ਆਨੰਦ ਅਤੇ ਵਿਕਾਸ ਵਜੋਂ ਹੋਈ ਹੈ, ਜਿੰਨ੍ਹਾਂ ਦੀਆਂ ਲੱਤਾਂ ਟੁੱਟੀਆਂ ਹਨ।