- ਵਾਧੂ ਅਸਲਾ 15 ਦਿਨਾਂ ਵਿੱਚ ਡਲੀਟ ਕਰਵਾਉਣ ਦੇ ਹੁਕਮ ਜਾਰੀ
ਫਰੀਦਕੋਟ 20 ਜੁਲਾਈ : ਜਿਲ੍ਹੇ ਦੇ ਸਮੂਹ ਅਸਲਾ ਲਾਇੰਸਸੀ ਸਮੇਤ ਮੈਂਬਰ ਰਾਈਫਲ ਐਸੋਸੀਏਸ਼ਨ, ਜਿੰਨਾ ਨੇ ਅਸਲਾ ਲਾਇਸੰਸ ਉੱਤੇ 02 ਤੋਂ ਵੱਧ ਹਥਿਆਰ ਦਰਜ ਹਨ, ਉਹ ਲਾਇਸੰਸੀ ਆਪਣਾ ਵਾਧੂ ਅਸਲਾ 15 ਦਿਨਾਂ ਦੇ ਅੰਦਰ ਅੰਦਰ ਡਲੀਟ ਕਰਵਾਉਣ। ਜੇਕਰ ਲਾਇਸੰਸੀਆਂ ਵੱਲੋਂ ਆਪਣਾ ਵਾਧੂ ਅਸਲਾ 15 ਦਿਨਾਂ ਦੇ ਅੰਦਰ ਅੰਦਰ ਡਲੀਟ ਨਹੀਂ ਕਰਵਾਇਆ ਜਾਂਦਾ ਤਾਂ ਉਹ ਅਸਲਾ ਲਾਇੰਸੰਸੀ ਕਿਸੇ ਵੀ ਕਾਨੂੰਨੀ ਕਾਰਵਾਈ ਲਈ ਖੁੱਦ ਜਿੰਮੇਵਾਰ ਹੋਵੇਗਾ ਅਤੇ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਚੰਡੀਗੜ੍ਹ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਆਧਾਰ ਤੇ ਉਸਦਾ ਅਸਲਾ ਲਾਇਸੰਸ ਬਿਨ੍ਹਾ ਕਿਸੇ ਹੋਰ ਨੋਟਿਸ ਦੇ ਕੈਂਸਲ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਪਹਿਲਾਂ ਵੀ ਪਿਛਲੇ ਸਾਲ 02 ਵਾਰ ਸਤੰਬਰ ਅਤੇ 01 ਵਾਰ ਮਈ ਮਹੀਨੇ ਵਿੱਚ ਮੀਡੀਆ ਰਾਹੀਂ ਅਸਲਾ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਜੇ ਤੱਕ ਕਈ ਲਾਇਸੰਸੀਆਂ ਵੱਲੋਂ ਆਪਣੇ ਲਾਇਸੰਸ ਤੋਂ ਤੀਸਰਾ ਹਥਿਆਰ ਡਲੀਟ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਵਿਅਕਤੀਆਂ ਵੱਲੋਂ ਆਪਣਾ ਵਾਧੂ ਅਸਲਾ ਡਲੀਟ ਨਹੀਂ ਕਰਵਾਇਆ ਗਿਆ ਉਹ 15 ਦਿਨਾਂ ਦੇ ਅੰਦਰ ਅੰਦਰ ਆਪਣਾ ਵਾਧੂ ਅਸਲਾ ਡਲੀਟ ਕਰਵਾਉਣ।