ਫਾਜ਼ਿਲਕਾ, 8 ਜੁਲਾਈ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ਤੇ ਕਿਸਾਨਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਰਾਸ਼ੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਜੁਲਾਈ ਰੱਖੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500/ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ https://agrimachinerypb.com/ home/DSR23Department ਲਿੰਕ ਖੋਲ੍ਹ ਕੇ ਆਪਣਾ ਅਧਾਰ ਕਾਰਡ ਨੰਬਰ ਅਤੇ ਜ਼ਮੀਨ ਸਬੰਧੀ ਜਾਣਕਾਰੀ ਪੋਰਟਲ ਤੇ ਭਰਨ ਉਪਰੰਤ ਰਜਿਸਟ੍ਰੇਸ਼ਨ ਕਰ ਸਕਦੇ ਹਨ। ਪੋਰਟਲ ਤੇ ਅਪਲਾਈ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੇ ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਦੇਣੀ ਹੋਵੇਗੀ। ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਰਕਬੇ ਨੂੰ ਵੈਰੀਫਾਈ ਕਰਨ ਲਈ ਪਿੰਡ ਪੱਧਰ ਤੇ ਵੈਰੀਫਾਈਡ ਅਫਸਰ ਨਿਯੁਕਤ ਕੀਤੇ ਜਾ ਰਹੇ ਹਨ, ਜੋ ਕਿ ਰਕਬੇ ਦੀ ਪੜਤਾਲ ਕਰਨਗੇ। ਇਸ ਪੜਤਾਲ ਤੋਂ ਬਾਅਦ ਹੀ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਪੋਰਟਲ ਤੇ ਅਪਲਾਈ ਕਰਨ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਤ ਖੇਤੀਬਾੜੀ ਵਿਕਾਸ/ਵਿਸਥਾਰ ਅਫਸਰ ਅਤੇ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।