ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਗੁਰਸੇਵਕ ਸਿੰਘ ਸਹੋਤਾ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਮਹਾਨ ਸ਼ਹੀਦਾਂ 40 ਮੁਕਤਿਆ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ ਅੱਜ ਮਾਘੀ ਦੇ ਮਹਾਨ ਦਿਹਾੜੇ ਤੇ ਸ੍ਰੀ ਦਰਬਾਰ ਸਾਹਿਬ, ਮੁਕਤਸਰ ਡੇਰਾ ਮਸਤਾਨ ਸਿੰਘ ਵਿਖੇ ਕੀਤੀ ਗਈ ਪੰਥਕ ਕਾਨਫਰੰਸ ਵਿਚ ਜਿਥੇ ਸ਼ਹੀਦਾਂ ਦੇ ਪੂਰਨਿਆ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਖ਼ਾਲਸਾ ਪੰਥ ਦੀ ਮੁਕੰਮਲ ਆਜ਼ਾਦੀ ਦੀ ਜੰਗ ਨੂੰ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਮੰਜਿਲ ਉਤੇ ਪਹੁੰਚਣ ਲਈ ਦ੍ਰਿੜਤਾ ਪ੍ਰਗਟਾਈ ਗਈ, ਉਥੇ ਖ਼ਾਲਸਾ ਪੰਥ ਦੇ ਅਹਿਮ ਗੰਭੀਰ ਮਸਲਿਆ ਨੂੰ ਮੁੱਖ ਰੱਖਕੇ ਅਤੇ ਸੈਂਟਰ ਦੇ ਹੁਕਮਰਾਨਾਂ ਵੱਲੋਂ ਸਾਡੀ ਐਸ.ਜੀ.ਪੀ.ਸੀ. ਦੀ ਸੰਸਥਾਂ ਦੀ ਜ਼ਮਹੂਰੀਅਤ ਨੂੰ ਕੁੱਚਲਣ ਵਿਰੁੱਧ ਅਤੇ ਜ਼ਮਹੂਰੀਅਤ ਬਹਾਲੀ ਲਈ 26 ਜਨਵਰੀ ਨੂੰ ਮਾਝਾ, ਮਾਲਵਾ, ਦੋਆਬਾ, ਤਰਨਤਾਰਨ, ਜਲੰਧਰ ਅਤੇ ਬਰਗਾੜੀ ਵਿਖੇ ਵਿਸ਼ੇਸ਼ ਤੌਰ ਤੇ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਵਿਸ਼ਾਲ ਮਾਰਚ ਕਰਦੇ ਹੋਏ ਜ਼ਮਹੂਰੀਅਤ ਬਹਾਲੀ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ । ਜਿਸ ਵਿਚ 25-25, 30-30 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਗੈਰ ਕਾਨੂੰਨੀ ਢੰਗ ਨਾਲ ਬੰਦੀ ਰੱਖੇ ਜਾ ਰਹੇ ਸਿੱਖਾਂ ਦੀ ਰਿਹਾਈ, ਬਰਗਾੜੀ ਕਾਂਡ ਦੇ ਸਿੱਖ ਕੌਮ ਦੇ ਕਾਤਲ ਦੋਸ਼ੀਆਂ ਅਤੇ ਬੁਰਜ ਜਵਾਹਰ ਸਿੰਘ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜਸੀ ਢੰਗ ਨਾਲ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨੀ ਸਜ਼ਾਵਾਂ ਦੇਣ ਤੇ ਹੋਰ ਪੰਥਕ ਮੁੱਦਿਆ ਉਤੇ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ । ਜਿਸ ਵਿਚ ਸਮੁੱਚੀਆਂ ਖ਼ਾਲਸਾ ਪੰਥ ਨਾਲ ਸੰਬੰਧਤ ਜਥੇਬੰਦੀਆਂ ਨੂੰ ਇਸ ਵੱਡੇ ਕੌਮੀ ਪ੍ਰੋਗਰਾਮ ਵਿਚ ਸੰਜ਼ੀਦਗੀ ਅਤੇ ਜੋਰ-ਸੋਰ ਨਾਲ ਸਮੂਲੀਅਤ ਕਰਨ ਦੀ ਜਿਥੇ ਅਪੀਲ ਕੀਤੀ ਗਈ, ਉਥੇ ਸਮੂਹ ਕੌਮ ਨੂੰ ਆਪਣੇ ਉਪਰੋਕਤ ਮੁੱਦਿਆ ਅਤੇ ਮਸਲਿਆ ਦੇ ਹੱਲ ਲਈ ਕੇਸਰੀ ਨਿਸ਼ਾਨ ਸਾਹਿਬ ਥੱਲ੍ਹੇ ਮਜ਼ਬੂਤੀ ਨਾਲ ਇਕੱਠੇ ਹੋਣ ਦਾ ਕੌਮੀ ਹੌਕਾ ਵੀ ਦਿੱਤਾ ਗਿਆ।” ਇਹ ਵਿਚਾਰ ਅੱਜ ਮੁਕਤਸਰ ਸਾਹਿਬ ਦੀ ਪਵਿੱਤਰ ਸ਼ਹੀਦਾਂ ਦੀ ਧਰਤੀ ਉਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਭਰਵੇਂ ਵੱਡੇ ਇਕੱਠ ਵਿਚ ਸਮੁੱਚੀ ਸਿੱਖ ਕੌਮ ਨੂੰ ਇਕ ਗੰਭੀਰ ਸੱਦਾ ਦਿੰਦੇ ਹੋਏ ਅਤੇ ਪੰਥਕ ਮੁੱਦਿਆ ਉਤੇ ਇਕ ਤਾਕਤ ਹੋ ਕੇ ਇਨ੍ਹਾਂ ਮਸਲਿਆ ਨੂੰ ਹੱਲ ਕਰਵਾਉਣ ਅਤੇ ਸ਼ਹੀਦਾਂ ਤੋਂ ਪ੍ਰੇਰਣਾ ਲੈਕੇ ਆਪਣੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧਣ ਦਾ ਖੁੱਲ੍ਹਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ ਗਏ । ਸ. ਮਾਨ ਨੇ ਆਪਣੀ ਤਕਰੀਰ ਦੌਰਾਨ ਉਚੇਚੇ ਤੌਰ ਤੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 12 ਸਾਲਾਂ ਤੋਂ ਰੋਕੀਆ ਗਈਆ ਜ਼ਮਹੂਰੀਅਤ ਚੋਣਾਂ ਸੰਬੰਧੀ ਆਵਾਜ਼ ਉਠਾਉਦੇ ਹੋਏ ਕਿਹਾ ਕਿ ਜਦੋਂ ਇੰਡੀਆ ਦੇ ਹੁਕਮਰਾਨ ਇਥੋ ਦੀਆਂ ਸਭ ਕਾਨੂੰਨੀ ਸੰਸਥਾਵਾਂ, ਪਾਰਲੀਮੈਂਟ, ਅਸੈਬਲੀਆਂ, ਮਿਊਸੀਪਲ ਕੌਸਲਾਂ, ਜਿ਼ਲ੍ਹਾ ਪ੍ਰੀਸ਼ਦਾਂ, ਪੰਚਾਇਤਾਂ, ਕਾਰਪੋਰੇਸ਼ਨਾਂ ਆਦਿ ਸਭ ਦੀਆਂ ਚੋਣਾਂ ਕਾਨੂੰਨੀ ਸਮਾਂ ਖ਼ਤਮ ਹੋਣ ਤੋਂ ਪਹਿਲੇ ਕਰਵਾਉਦੇ ਆ ਰਹੇ ਹਨ, ਫਿਰ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀਆਂ ਚੋਣਾਂ ਬੀਤੇ 12 ਸਾਲਾਂ ਤੋਂ ਕਿਉਂ ਨਹੀਂ ਕਰਵਾਈਆ ਜਾ ਰਹੀਆ ? ਜਦੋਕਿ ਇਸ ਸੰਸਥਾਂ ਦੀ ਕਾਨੂੰਨੀ ਮਿਆਦ ਵੀ 5 ਸਾਲ ਹੈ । ਜਿਸਦੀ ਚੋਣ 2016 ਅਤੇ ਫਿਰ ਦੂਸਰੀ ਵਾਰ 2021 ਵਿਚ ਹੋਣੀ ਬਣਦੀ ਸੀ, ਅੱਜ ਦੇ ਇਕੱਠ ਨੇ ਜੈਕਾਰਿਆ ਦੀ ਗੂੰਜ ਵਿਚ ਸ. ਮਾਨ ਵੱਲੋਂ ਕੌਮੀ ਮੰਗ ਲਈ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਲੈਦੇ ਹੋਏ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਤੁਰੰਤ ਕਰਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ । ਅੱਜ ਦੇ ਇਸ ਇਕੱਠ ਵਿਚ ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ 15 ਅਗਸਤ ਦੀ ਤਰ੍ਹਾਂ ਆਪੋ-ਆਪਣੇ ਘਰਾਂ, ਕਾਰੋਬਾਰਾਂ, ਫਾਰਮਾਂ ਆਦਿ ਹੋਰ ਸਥਾਨਾਂ ‘ਤੇ ਖ਼ਾਲਸਾਈ ਕੇਸਰੀ ਨਿਸ਼ਾਨ ਸਾਹਿਬ 26 ਜਨਵਰੀ ਨੂੰ ਝੁਲਾਉਣ ਲਈ ਵਿਸ਼ੇਸ਼ ਤੌਰ ਤੇ ਅਪੀਲ ਕੀਤੀ । ਜਿਸ ਨੂੰ ਭਰਵੇ ਇਕੱਠ ਨੇ ਖੁਦ-ਬ-ਖੁਦ ਜੈਕਾਰਿਆ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ । ਸ. ਮਾਨ ਨੇ ਐਸ.ਜੀ.ਪੀ.ਸੀ. ਦੇ ਹੈੱਡਕੁਆਰਟਰ ਦੇ ਉਸ ਸੁਰੱਖਿਅਤ ਖਿੱਤੇ ਵਿਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਲਾਪਤਾ ਹੋਣ ਅਤੇ ਅੱਜ ਤੱਕ ਇਸਦੇ ਦੋਸ਼ੀਆਂ ਅਤੇ ਅਣਗਹਿਲੀ ਕਰਨ ਵਾਲਿਆ ਦੀ ਕਿਸੇ ਤਰ੍ਹਾਂ ਦੀ ਵੀ ਸਹੀ ਢੰਗ ਨਾਲ ਜਾਂਚ ਨਾ ਕਰਨ ਉਤੇ ਗਹਿਰੀ ਚਿੰਤਾ ਪ੍ਰਗਟਾਉਦੇ ਹੋਏ ਕਿਹਾ ਕਿ ਰਵਾਇਤੀ ਸਿੱਖ ਲੀਡਰਸਿ਼ਪ ਜੋ ਅੱਜ ਵੀ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਐਸ.ਜੀ.ਪੀ.ਸੀ. ਉਤੇ ਕਾਬਜ ਹੈ ਅਤੇ ਜਿਸਨੂੰ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਨੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਇਖਲਾਕੀ ਤੌਰ ਤੇ ਦੁਰਕਾਰ ਦਿੱਤਾ ਹੈ, ਉਹ ਇਸ ਲਾਪਤਾ ਹੋਏ ਸਰੂਪਾਂ ਅਤੇ ਐਸ.ਜੀ.ਪੀ.ਸੀ ਦੀ ਮਹਾਨ ਸੰਸਥਾਂ ਵਿਚ ਹੁੰਦੇ ਆ ਰਹੇ ਵੱਡੇ ਘਪਲਿਆ, ਬੇਈਮਾਨੀਆਂ ਲਈ ਜਿ਼ੰਮੇਵਾਰ ਹੈ । ਜਿਨ੍ਹਾਂ ਨੇ ਐਸ.ਜੀ.ਪੀ.ਸੀ ਦੇ ਨਿਯਮਾਂ-ਕਾਨੂੰਨਾਂ ਅਨੁਸਾਰ ਕਦੀ ਵੀ ਪਾਰਦਰਸ਼ੀ ਪ੍ਰਬੰਧ ਨਹੀ ਕੀਤਾ ਅਤੇ ਉਹ ਜਿਥੇ ਕੌਮੀ ਖਜਾਨੇ ਦੀ ਬੇਰਹਿੰਮੀ ਨਾਲ ਆਪਣੇ ਸਿਆਸੀ ਅਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਲਈ ਦੁਰਵਰਤੋ ਕਰਦੇ ਆ ਰਹੇ ਹਨ, ਉਥੇ ਇਸ ਜੁੰਡਲੀ ਨੇ ਗੁਰੂਘਰ ਨਾਲ ਸੰਬੰਧਤ ਵਿਦਿਅਕ ਅਦਾਰਿਆ, ਸਿਹਤਕ ਅਦਾਰਿਆ, ਯੂਨੀਵਰਸਿਟੀ ਆਦਿ ਸੰਸਥਾਵਾਂ ਦੇ ਨਿੱਜੀ ਨਾਵਾਂ ਤੇ ਟਰੱਸਟ ਬਣਾਕੇ ਐਸ.ਜੀ.ਪੀ.ਸੀ ਦੇ ਕੌਮੀ ਕੰਟਰੋਲ ਵਿਚੋ ਇਨ੍ਹਾਂ ਸੰਸਥਾਵਾਂ ਨੂੰ ਬਾਹਰ ਕਰ ਦਿੱਤਾ ਹੈ ਜਿਥੇ ਇਨ੍ਹਾਂ ਦੇ ਪਰਿਵਾਰਿਕ ਮੈਬਰ ਤੇ ਸੰਬੰਧੀ ਵੱਡੇ ਪੱਧਰ ਤੇ ਲੁੱਟ-ਖਸੁੱਟ ਕਰ ਰਹੇ ਹਨ । ਅੱਜ ਦਾ ਇਕੱਠ ਜਿਥੇ ਐਸ.ਜੀ.ਪੀ.ਸੀ ਚੋਣ ਦੀ ਫੌਰੀ ਮੰਗ ਕਰਦਾ ਹੈ, ਉਥੇ ਉਪਰੋਕਤ ਵਿਦਿਅਕ, ਸਿਹਤਕ ਸੰਸਥਾਵਾਂ ਦੇ ਨਿੱਜੀ ਹੱਥਾਂ ਵਿਚ ਕੰਟਰੋਲ ਨੂੰ ਖਤਮ ਕਰਕੇ ਸਾਡੀ ਸੰਸਥਾਂ ਐਸ.ਜੀ.ਪੀ.ਸੀ. ਅਧੀਨ ਕਰਨ ਦੀ, ਐਸ.ਜੀ.ਪੀ.ਸੀ ਵਿਚ ਪੈਦਾ ਹੋ ਚੁੱਕੀਆ ਪ੍ਰਬੰਧਕੀ ਖਾਮੀਆ ਨੂੰ ਸੁਹਿਰਦਤਾ ਨਾਲ ਖਤਮ ਕਰਨ ਲਈ ਬਚਨਬੱਧ ਹੈ । ਇਸ ਲਈ ਅਸੀ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸਾਹ ਅਤੇ ਮੋਦੀ ਹਕੂਮਤ ਨੂੰ ਆਪਣੀ ਇਸ ਧਾਰਮਿਕ ਕੌਮੀ ਸੰਸਥਾਂ ਦੀ ਬਿਨ੍ਹਾਂ ਕਿਸੇ ਦੇਰੀ ਦੇ ਤੁਰੰਤ ਚੋਣਾਂ ਕਰਵਾਉਣ ਅਤੇ ਇਸ ਨਾਲ ਸੰਬੰਧਤ ਫਿਰ ਨਵੇ ਸਿਰੇ ਤੋਂ ਚੋਣ ਨਿਯਮਾਂ ਤੇ ਅਸੂਲਾਂ ਅਨੁਸਾਰ ਸਿੱਖ ਵੋਟਾਂ ਦੀਆਂ ਸੂਚੀਆਂ ਬਣਾਉਣ ਦੀ ਮੰਗ ਕਰਦੇ ਹਾਂ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਖ਼ਾਲਸਾ ਪੰਥ ਦੀ ਦਰਦਭਰੀ ਆਵਾਜ ਨੂੰ ਸੰਜੀਦਗੀ ਨਾਲ ਲੈਦੇ ਹੋਏ ਸੈਂਟਰ ਦੀ ਸਰਕਾਰ ਸਾਡੀ ਇਸ ਚੋਣ ਦਾ ਫੌਰੀ ਪ੍ਰਬੰਧ ਕਰਵਾਏਗੀ ਅਤੇ ਚੋਣ ਕਮਿਸਨ ਗੁਰਦੁਆਰਾ ਦੇ ਮੌਜੂਦਾ ਮੁੱਖੀ ਰਿਟ: ਜਸਟਿਸ ਐਸ.ਐਸ. ਸਾਰੋ ਨੂੰ ਇਸ ਗੰਭੀਰ ਮੁੱਦੇ ਉਤੇ ਹਕੂਮਤੀ ਪੱਧਰ ਤੇ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਤਾਂ ਕਿ ਇਹ ਚੋਣਾਂ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਜਲਦੀ ਹੋ ਸਕਣ। ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਡਾ. ਰੀਤੂ ਸਿੰਘ, ਸੁਪਰੀਮ ਕੋਰਟ ਦੇ ਉੱਘੇ ਵਕੀਲ ਜਨਾਬ ਮਹੁਮੂਦ ਪਰਾਚਾ, ਹਰਪਾਲ ਸਿੰਘ ਬਲੇਰ, ਗੁਰਸੇਵਕ ਸਿੰਘ ਜਵਾਹਰਕੇ, ਹਰਭਜਨ ਸਿੰਘ ਕਸ਼ਮੀਰੀ, ਇਮਾਨ ਸਿੰਘ ਮਾਨ, ਗੁਰਜੰਟ ਸਿੰਘ ਕੱਟੂ, ਪਰਮਿੰਦਰ ਸਿੰਘ ਬਾਲਿਆਵਾਲੀ, ਬੀਬੀ ਸਿਮਰਜੀਤ ਕੌਰ, ਗੁਰਚਰਨ ਸਿੰਘ ਭੁੱਲਰ, ਲੱਖਾ ਸਿਧਾਣਾ, ਜਤਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਮੰਡੇਰ, ਸਹਿਬਾਜ ਸਿੰਘ ਡਸਕਾ, ਬਲਦੇਵ ਸਿੰਘ ਬੜਿੰਗ, ਗੁਰਬਖਸ ਸਿੰਘ ਰੂਬੀ, ਬੀਬੀ ਮਨਦੀਪ ਕੌਰ, ਗੁਰਨੈਬ ਸਿੰਘ ਰਾਮਪੁਰਾ, ਰਾਜਮਹਿੰਦਰ ਸਿੰਘ ਮਾਂਗਟਕੇਰ, ਬਲਜਿੰਦਰ ਸਿੰਘ ਬਰੀਵਾਲਾ, ਭੁਪਿੰਦਰ ਸਿੰਘ ਮਹੀਆਵਾਲਾ, ਸਰਬਜੀਤ ਸਿੰਘ, ਸੁਖਰਾਜ ਸਿੰਘ, ਬਲਵੀਰ ਸਿੰਘ ਬੱਛੋਆਣਾ, ਬਲਵਿੰਦਰ ਸਿੰਘ ਮੰਡੇਰ, ਜਸਵੰਤ ਸਿੰਘ ਦੀਪਸਿੰਘਵਾਲਾ, ਗੁਰਜੰਟ ਸਿੰਘ ਸਾਦਿਕ, ਦਰਸ਼ਨ ਸਿੰਘ ਦਲੇਰ, ਗੁਰਤੇਜ ਸਿੰਘ ਅਸਪਾਲ, ਤੇਜਿੰਦਰ ਸਿੰਘ ਦਿਓਲ, ਦੀਪਕ ਸਿੰਗਲਾ, ਬਲਵੀਰ ਸਿੰਘ ਸਰਾਵਾ ਆਦਿ ਆਗੂਆਂ ਨੇ ਸਮੂਲੀਅਤ ਕੀਤੀ।