- ਕਾਰ ਸਵਾਰ ਤਿੰਨ ਵਿਅਕਤੀ ਭੱਜਣ 'ਚ ਹੋਏ ਕਾਮਯਾਬ
ਜਗਰਾਉਂ, 20 ਮਾਰਚ : ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਜਗਰਾਓਂ ਸ਼ਹਿਰ ਦੇ ਤਹਿਸੀਲ ਚੌਂਕ ਵਿੱਚ ਨਾਕਾ ਤੋੜਨ ਵਾਲੀ ਇੱਕ ਵਰਨਾ ਕਾਰ ਵਿੱਚੋਂ 40.25 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਪਿੱਛਾ ਕਰਨ 'ਤੇ ਕਾਰ ਸਵਾਰ ਵਿਅਕਤੀ ਕਾਰ ਨੂੰ ਸਿੱਧਵਾਂ ਬੇਟ ਰੋਡ 'ਤੇ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਜਾਣਕਾਰੀ ਅਨੁਸਾਰ ਜਗਰਾਉਂ ਸਿਟੀ ਪੁਲਿਸ ਵੱਲੋਂ ਚੋਣ ਨਾਕਾ ਲਗਾਇਆ ਗਿਆ ਸੀ। ਸਬ-ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਕੱਸਣ ਦੇ ਮੰਤਵ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪੁਲਿਸ ਨੇ ਇੱਕ ਵਰਨਾ ਕਾਰ (PB06AB-0081) ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ, ਪਰ ਕਾਰ ਚਾਲਕ ਨੇ ਨਾਕੇ ਤੋਂ ਗੱਡੀ ਭਜਾ ਲਈ। ਪੁਲਿਸ ਟੀਮ ਕਾਰ ਦਾ ਪਿੱਛਾ ਕੀਤਾ ਪਰ ਕਾਰ ਸਵਾਰ ਵਿਅਕਤੀ ਸਿੱਧਵਾਂ ਬੇਟ ਰੋਡ 'ਤੇ ਕਾਰ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਕਾਰ ਦੀ ਚੈਕਿੰਗ ਕਰਨ 'ਤੇ ਬ੍ਰਾਮਦ ਨਕਦੀ ਨੂੰ ਪੁਲਸ ਨੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਲਈ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ।