ਰਾਏਕੋਟ, 07 ਮਾਰਚ (ਚਮਕੌਰ ਸਿੰਘ ਦਿਓਲ) : ਸਥਾਨਕ ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ, ਬੁਰਜ ਹਰੀ ਸਿੰਘ ਵਿਖੇ ਪ੍ਰਿੰਸੀਪਲ ਡਾਕਟਰ ਪ੍ਰਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਿੰਡ ਬੁਰਜ ਹਰੀ ਸਿੰਘ ਦੇ ਸਰਪੰਚ ਭੁਪਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਔਰਤ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਸਰਪੰਚ ਭੁਪਿੰਦਰ ਕੌਰ ਨੇ ਕਿਹਾ ਕਿ ਔਰਤਾਂ ਅੱਜ ਦੇ ਸਮੇਂ ਵਿੱਚ ਮਰਦਾਂ ਨਾਲੋਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਪਿੰਡ ਵਿੱਚੋਂ ਉੱਠ ਕੇ ਉਦਮੀ ਕਾਰੋਬਾਰੀ ਉਦਯੋਗਪਤੀ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਕਿਵੇਂ ਸੈਲਫ ਹੈਲਪ ਗਰੁੱਪ ਨਾਲ ਜੁੜ ਕੇ ਆਪਣੇ ਛੋਟੇ ਛੋਟੇ ਕਾਰੋਬਾਰ ਸਥਾਪਿਤ ਕਰਕੇ ਸਵੈ ਨਿਰਭਰ ਹੋ ਸਕਦੀਆਂ ਹਨ।ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।।ਸਰਪੰਚ ਭੁਪਿੰਦਰ ਕੌਰ ਨੇ ਆਪਣੇ ਵੱਲੋਂ ਕੀਤੇ ਸੰਘਰਸ਼ ਤੋਂ ਲੈ ਕੇ ਸਰਪੰਚ ਬਣਨ ਤੱਕ ਦੀ ਕਹਾਣੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਮੇਸ਼ਾਂ ਆਪਣੇ ਮਾਤਾ-ਪਿਤਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਵੱਡਿਆ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ।ਬੀ ਕਾਮ ਭਾਗ ਦੂਜਾ ਦੀ ਵਿਦਿਆਰਥਣ ਕਰਿਤੀ ਵਲੋਂ ਵੀ ਇਕ ਮਹਿਲਾ ਦਿਵਸ ਨਾਲ ਸੰਬੰਧਿਤ ਰਚਨਾ ਪੇਸ਼ ਕੀਤੀ ਗਈ ਅਤੇ ਹੋਰ ਵਿਦਿਆਰਥਣਾਂ ਵਲੋਂ ਮਹਿਲਾ ਦਿਵਸ ਨੂੰ ਸਮਰਪਿਤ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੇ ਅਖੀਰ ਵਿੱਚ ਪ੍ਰੋ ਪੂਜਾ ਕਪੂਰ ਅਤੇ ਸਟਾਫ ਵੱਲੋਂ ਸਰਪੰਚ ਭੁਪਿੰਦਰ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਕਾਲਜ ਬਣਾਉਣ ਲਈ ਦਿੱਤੀ ਜਮੀਨ ਲਈ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਦਾ ਸੰਚਾਲਨ ਹਰਵਿੰਦਰ ਸਿੰਘ ਜੋਸ਼ੀ ਵਲੋਂ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ ਅਤੇ ਵਿਦਿਆਰਥੀ ਹਾਜਰ ਸਨ।