ਪਟਿਆਲਾ, 16 ਮਾਰਚ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀ ਲਈ ਪਹਿਲੀ ਵਾਰ ਬਜਟ ਵਧਾ ਕੇ ਕਿਸਾਨਾਂ ਦੀ ਹਿਤਾਇਸ਼ੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਸਿਹਤ ਮੰਤਰੀ ਸਾਉਣੀ ਦੀਆਂ ਫਸਲਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕਿਸਾਨ ਮੇਲਿਆਂ ਦੇ ਸਿਲਸਿਲੇ ਵਜੋਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਵਿਖੇ ਕਿਸਾਨ ਮੇਲੇ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਇਸ ਕਿਸਾਨ ਮੇਲੇ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ । ਡਾ. ਬਲਵੀਰ ਸਿੰਘ ਨੇ ਕਿਸਾਨਾਂ ਨੂੰ ਕੁਦਰਤੀ ਵਿਗਿਆਨੀ ਦੱਸਦਿਆਂ ਕਿਹਾ ਕਿ ਕਿਸਾਨ ਖੇਤੀ ਪ੍ਰਧਾਨ ਸੂਬੇ ਦੀ ਰੀਡ ਦੀ ਹੱਡੀ ਹਨ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਫ਼ਲਾਂ ਤੇ ਸਬਜੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਭਾਅ-ਅੰਤਰ ਸਕੀਮ ਵੀ ਲਿਆਂਦੀ ਹੈ। ਸਿਹਤ ਮੰਤਰੀ ਨੇ ਕਿਸਾਨਾਂ ਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਤੀ ਵਿਭਿੰਨਤਾ ਨਾਲ ਜੁੜਕੇ ਮੋਟੇ ਅਨਾਜਾਂ 'ਤੇ ਅਧਾਰਤ ਕੁਦਰਤੀ ਖੇਤੀ ਕਰਨ ਦਾ ਸੱਦਾ ਵੀ ਦਿੱਤਾ। ਡਾ. ਬਲਬੀਰ ਸਿੰਘ ਨੇ ਕਿਸਾਨ ਹਿਤੈਸ਼ੀ ਨੀਤੀਆਂ ਰਾਹੀਂ ਪੰਜਾਬ ਦੇ ਗੰਭੀਰ ਖੇਤੀ ਸੰਕਟ ਨੂੰ ਘੱਟ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਕਿ ਖੇਤੀਬਾੜੀ ਆਮਦਨ 'ਚ ਵਾਧਾ ਕਰਨ ਸਮੇਤ ਸਰੋਤਾਂ ਦੀ ਸੰਭਾਲ ਲਈ ਸਥਿਰ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਭੋਜਨ ਸੁਰੱਖਿਆ ਨੂੰ ਮਜ਼ਬੂਤ ਬਨਾਉਣ ਵੱਲ ਪੂਰਾ ਯੋਗਦਾਨ ਪਾ ਰਹੇ ਹਨ ਪਰ ਕੇਂਦਰ ਸਰਕਾਰ ਨੇ ਐਮ.ਐਸ.ਪੀ. ਨਾ ਦੇਕੇ ਜਿੱਥੇ ਕਿਸਾਨਾਂ ਨਾ ਧੋਖਾ ਕੀਤਾ ਹੈ, ਉਥੇ ਹੀ ਪੰਜਾਬ ਦੇ ਕਰੋੜਾਂ ਰੁਪਏ ਦੇ ਦਿਹਾਤੀ ਵਿਕਾਸ ਫੰਡਾਂ ਸਮੇਤ ਐਨ.ਐਚ.ਐਮ. ਦੇ ਫੰਡ ਵੀ ਰੋਕ ਦਿੱਤੇ ਹਨ। ਇਸਤੋਂ ਉਲਟ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਮਤ ਸਾਧਨਾਂ ਦੇ ਬਾਵਜੂਦ ਮੂੰਗੀ 'ਤੇ ਐਮ.ਐਸ.ਪੀ. ਤੇ ਗੰਨੇ ਦਾ ਵਾਜਬ ਭਾਅ ਦਿੱਤਾ ਹੈ। ਡਾ. ਬਲਵੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਸਿਹਤ ਵੱਲ ਵੀ ਤਵੱਜੋਂ ਦੇਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਘਰੇਲੂ ਬਗੀਚੀ ਜ਼ਰੂਰ ਲਗਾਈ ਜਾਵੇ ਤੇ ਸਕੂਲਾਂ ਵਿੱਚ ਯੂਨੀਵਰਸਿਟੀ ਦਾ ਘਰ-ਬਗੀਚੀ ਮਾਡਲ ਵੀ ਅਪਣਾਇਆ ਜਾਵੇ। ਮੇਲੇ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਕਿਸਾਨ ਮੇਲਿਆਂ ਦਾ ਉਦੇਸ਼ 'ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ' ਨੂੰ ਪੂਰਨ ਤੌਰ 'ਤੇ ਅਪਨਾਉਣ ਦੀ ਅਪੀਲ ਕੀਤੀ। ਵਾਈਸ ਚਾਂਸਲਰ ਨੇ ਸਰਕਾਰ-ਕਿਸਾਨ ਮਿਲਣੀ ਨੂੰ ਇੱਕ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਹਿਲੀ ਵਾਰ ਸੂਬੇ ਵਿੱਚ ਖੇਤੀ ਨੀਤੀ ਤਿਆਰ ਹੋਣ ਜਾ ਰਹੀ ਹੈ, ਜਿਸ ਲਈ ਕਿਸਾਨ ਆਪਣੇ ਸੁਝਾਅ ਯੂਨੀਵਰਸਿਟੀ ਨਾਲ ਸਾਂਝੇ ਕੀਤੇ ਜਾਣ। ਉਨ੍ਹਾਂ ਨੇ ਕਿਸਾਨਾਂ ਦੀ ਸਹੂਲਤ ਲਈ ਪਟਿਆਲਾ ਬਾਰਾਂਦਰੀ ਸਥਿਤ ਫਾਰਮ ਸਲਾਹਕਾਰ ਕੇਂਦਰ ਨੂੰ ਮੁੜ ਸਥਾਪਿਤ ਕਰਨ ਦਾ ਐਲਾਨ ਕੀਤਾ। ਡਾ. ਗੋਸਲ ਨੇ ਸਾਉਣੀ ਦੇ ਸੀਜ਼ਨ 'ਚ ਪੂਸਾ 44 ਕਿਸਮ ਲਾਉਣ ਦੀ ਥਾਂ ਜਲਦੀ ਪੱਕਣ ਤੇ ਵੱਧ ਝਾੜ ਦੇਣ ਵਾਲੀ ਪੀਆਰ 126 ਅਪਨਾਉਣ ਦੀ ਸਲਾਹ ਦਿੱਤੀ। ਇਸ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਤੇ ਹੋਰ ਮਾਹਰਾਂ ਨੇ ਵੀ ਸੰਬੋਧਨ ਕੀਤਾ। ਮੇਲੇ 'ਚ ਐਸ.ਡੀ.ਐਮ ਡਾ ਇਸਮਤ ਵਿਜੇ ਸਿੰਘ, ਅਗਾਂਹਵਧੂ ਕਿਸਾਨ ਤੇ ਪੀ.ਏ.ਯੂ. ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਪ੍ਰਦਰਸ਼ਨੀ ਪਲਾਂਟਾਂ ਸਮੇਤ ਵੱਖ-ਵੱਖ ਖੋਜ ਪ੍ਰਦਰਸ਼ਨੀਆਂ ਦਾ ਜਾਇਜ਼ਾ ਲਿਆ ਜਦਦਿ ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਤੇ ਖੇਤੀ ਸਾਹਿਤ ਖਰੀਦਿਆ।