- - ਟਰੱਕਾਂ, ਟਰੈਕਟਰ-ਟਰਾਲੀਆਂ ਸਮੇਤ ਹੋਰ ਮਾਲ ਗੱਡੀਆਂ ਰਾਹੀਂ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ ਪਾਬੰਦੀ ਰਹੇਗੀ
ਲੁਧਿਆਣਾ, 15 ਫਰਵਰੀ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਮੈੜੀ ਵਿਖੇ ਡੇਰਾ ਬਾਬਾ ਬਡਭਾਗ ਸਿੰਘ ਵਿਖੇ 27 ਫਰਵਰੀ ਤੋਂ 10 ਮਾਰਚ ਤੱਕ ਹੋਲੀ ਮੇਲੇ ਦੌਰਾਨ ਟਰੱਕਾਂ, ਟਰੈਕਟਰ-ਟਰਾਲੀਆਂ ਸਮੇਤ ਹੋਰ ਮਾਲ ਗੱਡੀਆਂ ਰਾਹੀਂ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ ਪਾਬੰਦੀ ਰਹੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਊਨਾ ਦੇ ਬੁਲਾਰੇ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਮੈੜੀ ਵਿਖੇ ਡੇਰਾ ਬਾਬਾ ਬਡਭਾਗ ਸਿੰਘ ਵਿਖੇ 27 ਫਰਵਰੀ ਤੋਂ 10 ਮਾਰਚ ਤੱਕ ਹੋਲੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲਾ 27 ਫਰਵਰੀ ਨੂੰ ਸ਼ੁਰੂ ਹੋਵੇਗਾ, 7 ਮਾਰਚ ਨੂੰ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਜਦਕਿ 9 ਮਾਰਚ ਅਤੇ 10 ਮਾਰਚ ਨੂੰ ਸਵੇਰੇ 2 ਵਜੇ ਪੰਜਾ ਪ੍ਰਸ਼ਾਦ ਵਰਤਾਇਆ ਜਾਵੇਗਾ, ਉਨ੍ਹਾਂ ਦੱਸਿਆ ਕਿ ਊਨਾ ਜ਼ਿਲ੍ਹੇ ਦੇ ਇਸ ਪ੍ਰਸਿੱਧ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਡੇਰਾ ਬਾਬਾ ਬਡਭਾਗ ਸਿੰਘ ਮੱਥਾ ਟੇਕਣ ਲਈ ਆਉਂਦੇ ਹਨ ਜਿੱਥੇ ਟਰੱਕਾਂ, ਟਰਾਲੀਆਂ ਅਤੇ ਟਰੈਕਟਰ-ਟਰਾਲੀਆਂ ਸਮੇਤ ਹੋਰ ਮਾਲ ਗੱਡੀਆਂ ਰਾਹੀਂ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਧਾਲੂ ਮਾਲ ਗੱਡੀਆਂ ਵਿੱਚ ਆਉਂਦਾ ਹੈ ਤਾਂ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਐਂਟਰੀ ਗੇਟ 'ਤੇ ਰੋਕਿਆ ਜਾਵੇਗਾ ਅਤੇ ਚੈਕਿੰਗ ਬੈਰੀਅਰ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਾਹਨ ਮਾਲਕ ਖ਼ਿਲਾਫ਼ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਪੰਜਾਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈੜੀ ਮੇਲੇ ਵਿੱਚ ਆਉਣ ਲਈ ਮਾਲ ਗੱਡੀਆਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਮੇਲੇ ਵਿੱਚ ਪਹੁੰਚਣ ਲਈ ਸਿਰਫ਼ ਬੱਸਾਂ ਦੀ ਵਰਤੋਂ ਹੀ ਕੀਤੀ ਜਾਵੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਉਹ ਸਫਲ ਅਤੇ ਸੁਰੱਖਿਅਤ ਧਾਰਮਿਕ ਯਾਤਰਾ ਲਈ ਜ਼ਿਲ੍ਹਾ ਪ੍ਰਸ਼ਾਸਨ ਊਨਾ ਨੂੰ ਆਪਣਾ ਪੂਰਨ ਸਹਿਯੋਗ ਦੇਣ।