ਯੋਗ ਨੂੰ ਅਪਣਾ ਕੇੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ-  ਵਿਧਾਇਕ ਰਾਏ 

  • ਪੂਰੀ ਦੁਨੀਆਂ ਵਿੱਚ ਯੋਗ ਨੂੰ ਪ੍ਰਫੁੱਲਤ ਕਰਨਾ, ਸਾਡੇ ਲਈ ਬੜੀ ਮਾਣ ਦੀ ਗੱਲ 
  • ਅੰਤਰ-ਰਾਸ਼ਟਰੀ ਯੋੋਗ ਦਿਵਸ ਮੌਕੇ ਆਮ ਖਾਸ ਬਾਗ ਵਿਖੇ ਵਿਸ਼ਾਲ ਯੋਗ ਕੈਂਪ ਦਾ ਆਯੋਜਨ

ਫਤਹਿਗੜ੍ਹ ਸਾਹਿਬ, 21 ਜੂਨ 2024 : ਯੋਗ ਸਾਨੂੰ ਵਿਰਾਸਤ ਵਿੱਚ ਰਿਸ਼ੀਆਂ ਮੁਨੀਆਂ ਤੋਂ ਹਾਸਲ ਹੋਇਆ ਹੈ , ਜਿਸਨੂੰ ਅੰਤਰ-ਰਾਸ਼ਟਰੀ ਪੱਧਰ ਤੇ ਮਾਣਤਾ ਹਾਸਲ ਹੋਈ ਹੈ ਤੇ ਇਹ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਆਮ ਖਾਸ ਬਾਗ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਯੋਗ ਨੂੰ ਹਰ ਉਮਰ ਦਾ ਵਿਅਕਤੀ ਸਹਿਜੇ ਹੀ ਆਪਣੇ ਜੀਵਨ ਦਾ ਹਿੱਸਾ ਬਣਾ ਸਕਦਾ ਹੈ। ਉਹਨਾਂ ਕਿਹਾ ਕਿ ਯੋਗ ਲਈ ਰੋਜਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਨਾਅ ਭਰੀ ਜਿੰਦਗੀ ਵਿੱਚ ਪੂਰੀ ਤਰਾਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਯੋਗ ਨੂੰ ਅਪਣਾ ਕੇ ਦਵਾਈਆਂ ਤੇ ਵੱਡੀ ਮਾਤਰਾ ਵਿੱਚ ਹੋਣ ਵਾਲੇ ਖਰਚੇ ਨੂੰ ਬਚਾਇਆ ਜਾ ਸਕਦਾ ਹੈ ਅਤੇ ਯੋਗ ਵਿੱਚ ਲਗਾਇਆ ਗਿਆ ਸਮਾਂ ਸਾਡੇ ਸਮੁੱਚੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਸ੍ਰੀ ਰਾਏ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਅਤੇ ਸਰਹਿੰਦ ਵਾਸੀਆਂ ਲਈ ਇਹ ਬੜੀ ਵੱਡੀ ਗੱਲ ਹੈ ਕਿ ਉਹਨਾਂ ਕੋਲ ਅਜਿਹੀਆਂ ਗਤੀਵਿਧੀਆਂ ਕਰਨ ਲਈ ਆਮ ਖ਼ਾਸ ਬਾਗ਼ ਵਿੱਚ ਬੜਾ ਸਾਫ ਸੁਥਰਾ ਵਾਤਾਵਰਨ ਅਤੇ ਖੁੱਲਾ ਮਾਹੌਲ ਹੈ। ਜਿੱਥੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਜਾਂ ਹੋਰ ਦਿੱਕਤ ਨਹੀਂ ਆਉਂਦੀ। ਇਸ ਕੈਂਪ ਵਿੱਚ ਜ਼ਿਲ੍ਹਾ ਭਰ ਤੋਂ ਖੇਡਾਂ ਨਾਲ ਜੁੜੇ ਹੋਏ ਖਿਡਾਰੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼੍ਰੀ ਰਾਏ ਨੇ ਕਿਹਾ ਕਿ ਯੋਗ ਨੂੰ ਅਪਨਾਉਣ ਵਿੱਚ ਕਿਸੇ ਤਰਾਂ ਦਾ ਕੋਈ ਖਰਚਾ ਨਹੀਂ ਆਉਂਦਾ। ਇਸ ਨੂੰ ਹਰ ਵਿਅਕਤੀ ਬੜੀ ਆਸਾਨੀ ਨਾਲ ਘਰ ਜਾਂ ਬਾਹਰ ਕਿਤੇ ਵੀ ਕਰ ਸਕਦਾ ਹੈ ਅਤੇ ਇਸਨੂੰ ਅਪਣਾ  ਕੇ ਅਸੀਂ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਹਾਸਲ ਕਰ ਸਕਦੇ ਹਾਂ । ਓਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਨਿਵੇਕਲੀ ਪਹਿਲ ਸੀ ਐਮ ਦੀ ਯੋਗਸ਼ਾਲਾ ਤਹਿਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ  ਲਾਭ ਉਠਾ ਰਹੇ ਹਨ। ਓਹਨਾ ਅਪੀਲ ਕੀਤੀ ਕਿ  ਜੇਕਰ ਕਿਸੇ ਵੀ ਮੁਹੱਲੇ, ਪਿੰਡ ਜਾ ਸ਼ਹਿਰ ਵਾਸੀਆਂ ਨੇ ਯੋਗ ਕਲਾਸਾਂ ਦਾ ਲਾਭ ਉਠਾਉਣਾ ਹੈ ਤਾਂ ਉਹ “ਸਾਡੇ ਕੋਲ ਇੱਕ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500  ਤੇ ਸੰਪਰਕ ਕਰ ਕਰਕੇ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਓਹਨਾ ਨਾਲ ਕੌਂਸਲਰ, ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਪਤਵੰਤੇ ਹਾਜਰ ਸਨ।