ਸਰਕਾਰ ਦਾ ਪਿੰਡਾਂ ਚ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਆਮ ਲੋਕਾਂ ਦੀ ਦਫ਼ਤਰੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਦਾ ਉਪਰਾਲਾ : ਕੈਬਿਨਟ ਮੰਤਰੀ ਮਾਨ

  • ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੁੱਜੇ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ
  • ਹਸਨਪੁਰ ਤੇ ਬਰੋਲੀ ਪਿੰਡਾਂ ਦੀਆਂ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਪਾਣੀ ਤੇ ਹੋਰ ਮੁਸ਼ਕਿਲਾਂ ਦਾ ਮੌਕੇ ਤੇ ਹੀ ਸਮਾਂਬੱਧ ਨਿਪਟਾਰੇ ਦਾ ਐਲਾਨ
  • ਖਰੜ ਹਲਕੇ ਵਿੱਚ 5000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੀ ਕੀਤੀ ਗਈ ਵੰਡ
  • ਭਗਵੰਤ ਮਾਨ ਸਰਕਾਰ ਦਾ ਪਿੰਡਾਂ ਚ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਆਮ ਲੋਕਾਂ ਦੀ ਦਫ਼ਤਰੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਦਾ ਉਪਰਾਲਾ

ਕੁਰਾਲੀ, 18 ਫ਼ਰਵਰੀ : ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ, ਕਿਰਤ, ਮੇਜ਼ਬਾਨੀ ਤੇ ਨਿਵੇਸ਼ ਪ੍ਰੋਤਸਾਹਨ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਹਸਨਪੁਰ ਅਤੇ ਬਰੋਲੀ ਵਿਖੇ ਲਾਏ ਗਏ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਸ਼ਮੂਲੀਅਤ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਪਿੰਡਾਂ ਦੀਆਂ ਮੁਢਲੀਆਂ ਜ਼ਰੂਰਤਾਂ ਜਿਵੇਂ ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਦੀ ਉਪਲੱਬਧਤਾ ਅਤੇ ਫ਼ਿਰਨੀ ਦੀ ਸਮੱਸਿਆ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦਾ ਪਿੰਡਾਂ ਚ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਆਮ ਲੋਕਾਂ ਦੀ ਦਫ਼ਤਰੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਦਾ ਉਪਰਾਲਾ, ਆਮ ਲੋਕਾਂ ਦੇ ਬਹੁਤ ਰਾਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ, ਪੁਲਿਸ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਵਿਭਾਗ, ਸੇਵਾ ਕੇਂਦਰ, ਸਾਂਝ ਕੇਂਦਰ, ਕਿਰਤ ਵਿਭਾਗ, ਪਾਵਰਕਾਮ ਆਦਿ ਵਿਭਾਗ 43 ਸੇਵਾਵਾਂ ਮੁੱਹਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਦੇ ਕੱਟੇ ਹੋਏ ਸਮਾਰਟ ਰਾਸ਼ਨ ਕਾਰਡ ਬਹਾਲ ਕੀਤੇ ਗਏ ਹਨ, ਉਹ ਵੀ ਇਨ੍ਹਾਂ ਕੈਂਪਾਂ ਚ ਮੌਜੂਦ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੀਆਂ ਅਰਜ਼ੀਆਂ ਦੇ ਕੇ ਸਰਕਾਰ ਦੀ ਘਰ ਘਰ ਮੁਫ਼ਤ ਰਾਸ਼ਨ ਸਕੀਮ ਦਾ ਲਾਭ ਹਾਸਲ ਕਰਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੜ ਹਲਕੇ ਚ ਇਸ ਸਕੀਮ ਤਹਿਤ 5000 ਰਾਸ਼ਨ ਕਾਰਡ ਧਾਰਕਾਂ ਦੇ ਘਰਾਂ ਤੱਕ ਮੁਫ਼ਤ ਰਾਸ਼ਨ ਮੁੱਹਈਆ ਕਰਵਾਇਆ ਜਾ ਚੁੱਕਿਆ ਹੈ। ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਹੀ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਮੁੱਹਈਆ ਕਰਵਾਉਣਾ, ਉਨ੍ਹਾਂ ਦੀਆਂ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕਰਵਾਉਣਾ, ਪਿੰਡਾਂ ਨੂੰ ਦਰਪੇਸ਼ ਸਾਂਝੀਆਂ ਮੁਸ਼ਕਿਲਾਂ ਲਈ ਗਰਾਂਟ ਜਾਰੀ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਖਰੜ ਹਲਕੇ ਦੇ ਸਾਰੇ 170 ਪਿੰਡਾਂ ਚ ਇਹ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਹਸਨਪੁਰ ਦੇ ਲੋਕਾਂ ਅਤੇ ਨੌਜੁਆਨਾਂ ਵੱਲੋਂ ਦੱਸੀ ਗਈ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਖੇਡ ਸਟੇਡੀਅਮ ਅਤੇ ਜਿੰਮ ਦੀ ਲੋੜ ਨੂੰ ਅਗਲੇ ਇੱਕ ਮਹੀਨੇ ਦੇ ਅੰਦਰ ਅੰਦਰ ਗਰਾਂਟ ਜਾਰੀ ਕਰਵਾ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਪਿੰਡ ਚ ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਵੀ ਉਨ੍ਹਾਂ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ, ਬਰੋਲੀ ਵਿਖੇ ਸਕੂਲ ਨੂੰ ਅਪਗ੍ਰੇਡ ਕਰਨ, ਸਕੂਲ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ, ਪਿੰਡ ਵਿੱਚ ਟਿਊਬਵੈੱਲ ਲਗਵਾਉਣ, ਪਿੰਡ ਦੀ ਫ਼ਿਰਨੀ ਪੱਕੀ ਕਰਨ ਦੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਮੰਨਣ ਦਾ ਐਲਾਨ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਮੰਗਾਂ ਸਬੰਧੀ ਤਜ਼ਵੀਜਾਂ ਤਿਆਰ ਕਰਕੇ ਮਨਜ਼ੂਰੀ ਲਈ ਭੇਜਣ ਲਈ ਆਖਿਆ। ਉਨ੍ਹਾਂ ਉਸਾਰੀ ਕਾਰਜਾਂ ਨਾਲ ਸਬੰਧਤ ਮਜ਼ਦੂਰੀ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਦੌਰਾਨ ਕਿਰਤ ਵਿਭਾਗ ਨਾਲ ਰਜਿਸਟਰਡ ਹੋਣ ਲਈ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਕੋਲ 1200 ਕਰੋੜ ਦੇ ਫੰਡ ਉਸਾਰੀ ਕਾਮਿਆਂ ਸੀ ਭਲਾਈ ਲਈ ਮੌਜੂਦ ਹਨ, ਜੋ ਰਜਿਸਟਰਡ ਕਾਮਿਆਂ ਨੂੰ ਮੁਫ਼ਤ ਇਲਾਜ, ਸ਼ਗਨ ਸਕੀਮ ਅਤੇ ਹੋਰ ਲਾਭ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਹਨ। ਇਸ ਮੌਕੇ ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਹਰੀਸ਼ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ, ਬਲਾਕ ਪ੍ਰਧਾਨ ਨਵਦੀਪ ਸਿੰਘ, ਬਲਾਕ ਪ੍ਰਭਾਰੀ ਅਨੂ ਬੱਬਰ ਅਤੇ ਇਨ੍ਹਾਂ ਪਿੰਡਾਂ ਦੇ ਪਤਵੰਤੇ ਲੋਕਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।