ਹਰ ਛੇ ਮਹੀਨਿਆਂ ਬਾਅਦ ਆਪਣੀਆਂ ਅੱਖਾਂ ਦੀ ਜਾਂਚ ਜਰੂਰ ਕਰਵਾਓ : ਡਾ. ਰਵੀ ਬਾਂਸਲ

  • ਸਿਹਤ ਵਿਭਾਗ 9 ਤੋਂ 15 ਮਾਰਚ ਤੱਕ ਮਨਾ ਰਿਹਾ ਹੈ ਵਿਸ਼ਵ ਗਲੋਕੋਮਾ ਹਫ਼ਤਾ

ਫਾਜ਼ਿਲਕਾ 13 ਮਾਰਚ 2025 : ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਅਤੇ ਡਾ. ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਕਮ ਨੋਡਲ ਅਫ਼ਸਰ ਨੈਸ਼ਨਲ ਕੰਟਰੋਲ ਆਫ਼ ਬਲਾਈਂਡਨੈਸ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵੀ ਬਾਂਸਲ ਦੀ ਅਗਵਾਈ ਵਿਚ ਪੀਐਚਸੀ ਵਿਖੇ ਵਿਸ਼ਵ ਗਲੋਕੋਮਾ ਹਫ਼ਤੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਡਾਕਟਰ ਪ੍ਰਤੀਕ ਵਾਟਸ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਜਾਣਕਾਰੀ ਮੁਤਾਬਿਕ ਆਯੂਸ਼ਮਾਨ ਅਰੋਗਿਆ ਕੇਂਦਰ ਜੰਡਵਾਲਾ ਭੀਮੇਸ਼ਾਹ ਵਿਖੇ ਇਲਾਜ ਲਈ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਾਕ ਮਾਸ ਮੀਡੀਆ ਅਫਸਰ ਹਰਮੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ 9 ਤੋਂ 15 ਮਾਰਚ ਤੱਕ “ਗਲੋਕੋਮਾ ਮੁਕਤ ਦੁਨੀਆ ਲਈ ਇੱਕਜੁਟ ਹੋਣਾ” ਸਲੋਗਨ ਤਹਿਤ ਵਿਸ਼ਵ ਗਲੋਕੋਮਾ ਹਫਤਾ ਮਨਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਹਫ਼ਤੇ ਦੌਰਾਨ ਸਿਹਤ ਵਿਭਾਗ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਖਾਸ ਕਰਕੇ ਕਾਲਾ ਮੋਤੀਆ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਅੱਖਾਂ ਦੀ ਜਾਂਚ ਦੇ ਵਿਸ਼ੇਸ਼ ਸਕਰੀਨਿੰਗ ਕੈਂਪ ਵੀ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਗਲੂਕੋਮਾ ਹਫ਼ਤੇ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੁੰ ਕਾਲੇ ਮੋਤੀਏ ਪ੍ਰਤੀ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਅਹਿਮ ਕਾਰਣ ਹੈ। ਗਲੋਕੋਮਾ ਦਾ ਇਲਾਜ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਇਸ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਹੋ ਸਕੇ। ਅਪ੍ਰੇਸ਼ਨ ਕਰਕੇ ਨਜ਼ਰ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਨੀਮ ਹਕੀਮਾਂ ਤੋ ਕਦੇ ਵੀ ਦਵਾਈ ਲੈ ਕੇ ਅੱਖਾਂ ਵਿਚ ਨਹੀਂ ਪਾਉਣੀ ਚਾਹੀਦੀ।  ਉਹਨਾਂ ਗਲੋਕੋਮਾ ਦੇ ਲੱਛਣਾਂ ਬਾਰੇ ਦੱਸਿਆ ਕਿ ਜੇਕਰ ਸਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਣ ਵਾਲੀਆਂ ਐਨਕਾਂ ਦਾ ਨੰਬਰ ਵਾਰ ਵਾਰ ਬਦਲਣਾ, ਰੋਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਸ਼ਿਟੀ ਦੀ ਆਚਾਨਕ ਨੁਕਸਾਨ, ਦ੍ਰਸ਼ਿਟੀ ਦੇ ਖੇਤਰ ਦਾ ਸੀਮਤ ਹੋਣਾ ਅਜਿਹੀਆਂ ਨਿਸ਼ਾਨੀਆਂ ਹੋਣ ਤਾ ਸਾਨੂੰ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣੀਆਂ ਅੱਖਾਂ ਦਾ ਦਬਾਅ ਜਾਂ ਪ੍ਰੈਸ਼ਰ ਚੈਕ ਕਰਵਾਉਣਾ ਚਾਹੀਦਾ ਹੈ। ਉਹਨਾਂ ਸਾਵਧਾਨੀ ਵਰਤਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਤੁਹਾਡਾ ਰਿਸ਼ਤੇਦਾਰ ਗਲਾਕੋਮਾ ਨਾਲ ਪੀੜਿਤ ਹੋਵੇ, ਜੇਕਰ ਸ਼ੂਗਰ ਦੀ ਸ਼ਿਕਾਇਤ ਹੋਵੇ, ਹਾਈ ਬਲੱਡ ਪ੍ਰੈਸ਼ਰ, ਜੇਕਰ ਤੁਸੀਂ ਦਮਾ, ਅਲਰਜੀ, ਚਮੜੀ ਰੋਗਾਂ ਲਈ ਸਟੀਰਾਇਡ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦੇ ਹੋ। ਹਰੇਕ ਇਨਸਾਨ ਨੂੰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਦੇ ਰਹਿਣਾ ਚਾਹੀਦਾ ਹੈ ਅਤੇ ਜ਼ਿਆਦਾ ਧੁੱਪ ਵਿੱਚ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਪ੍ਰਤੀਕ ਵਾਟਸ ਨੇ ਦੱਸਿਆ ਕਿ ਦੇਸ਼ ਵਿੱਚੋਂ ਅੰਨ੍ਹਾਪਣ ਦੂਰ ਕਰਨ ਲਈ ਸਾਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਦੇਸ਼ ਵਿੱਚੋਂ ਅੰਨ੍ਹਾਪਣ ਦੂਰ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇ ਰਹੀਆਂ ਹਨ। ਉਨਾਂ ਕਿਹਾ ਕਿ ਵਹਿਮਾਂ ਭਰਮਾਂ ਚੋਂ ਨਿਕਲ ਕੇ ਹਰੇਕ ਇਨਸਾਨ ਨੂੰ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਉਸ ਨਾਲ ਦੋ ਇਨਸਾਨਾਂ ਦੀ ਜਿੰਦਗੀ ਵਿੱਚ ਰੋਸ਼ਨੀ ਆ ਸਕਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਟੀਪਰਪਜ਼ ਹੈਲਥ ਵਰਕਰ ਸੁਧੀਰ ਕੁਮਾਰ, ਫਾਰਮੇਸੀ ਅਫਸਰ ਗੁਰਦੀਪ ਸਿੰਘ, ਮੁਕੇਸ਼ ਕੁਮਾਰ, ਏਐਨਐਮ ਪਰਮਜੀਤ ਕੌਰ, ਕਲੀਨਿਕਲ ਅਸਿਸਟੈਂਟ ਰਵਿੰਦਰ ਕੌਰ, ਵਿਕਾਸ ਕੁਮਾਰ, ਜਗਤਾਰ ਸਿੰਘ ਤੇ ਇਲਾਜ ਲਈ ਆਏ ਮਰੀਜ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਾਜਰ ਰਹੇ।