- ਵੱਡੀ ਨਦੀ ਅਤੇ ਆਰਜ਼ੀ ਕੈਂਪ ਦਾ ਦੌਰਾ ਕਰਕੇ ਪਟਿਆਲਾ ਦੀ ਮੌਜੂਦਾ ਸਥਿਤੀ ਦਾ ਲਿਆ ਜਾਇਜ਼ਾ
- ਕਿਹਾ, ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਦਿੱਤਾ ਜਾਵੇ ਸਾਥ
ਪਟਿਆਲਾ, 10 ਜੁਲਾਈ : ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਰੀ ਮੀਂਹ ਦੇ ਮੱਦੇਨਜ਼ਰ ਪ੍ਰਭਾਵਿਤ ਵਿਅਕਤੀਆਂ ਦੀ ਸਹੂਲਤ ਲਈ ਆਰਜ਼ੀ ਕੈਂਪਾਂ ਵਿੱਚ ਪੰਜਾਬ ਸਰਕਾਰ ਵੱਲੋਂ ਖਾਣ-ਪੀਣ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹ ਅੱਜ ਪਟਿਆਲਾ ਵਿਖੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੇ ਵੱਡੀ ਨਦੀ ਦਾ ਦੌਰਾ ਕਰਨ ਉਪਰੰਤ ਪ੍ਰੇਮ ਬਾਗ ਪੈਲੇਸ ਦਾ ਦੌਰਾ ਕਰਕੇ ਇਥੇ ਰਹਿ ਰਹੇ ਪ੍ਰਭਾਵਿਤ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ। ਜਲ ਸਰੋਤ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰਜ਼ ਸਮੇਤ ਸਮੁੱਚਾ ਪ੍ਰਸ਼ਾਸਨ ਜ਼ਮੀਨੀ ਪੱਧਰ ’ਤੇ ਉਤਰਕੇ ਪ੍ਰਭਾਵਿਤ ਵਿਅਕਤੀਆਂ ਦੀ ਮਦਦ ਹਰ ਸੰਭਵ ਯਤਨ ਕਰ ਰਿਹਾ ਹੈ। ਸੂਬੇ ਭਰ ਲਈ 33.50 ਕਰੋੜ ਰੁਪਏ ਦੇ ਐਡਵਾਂਸ ਫੰਡ ਅੱਜ ਆਫ਼ਤਨ ਫੰਡ ਚੋਂ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਪਟਿਆਲਾ ਲਈ 2 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਅਤੇ ਸੂਬੇ ਵਿੱਚ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਨਦੀਆਂ ਤੇ ਨਹਿਰਾਂ ਦਾ ਪਾਣੀ ਓਵਰ ਫਲੋਅ ਹੋ ਕੇ ਘਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਅਜਿਹੇ ਇਲਾਕਿਆਂ ਲਈ ਵਿਸ਼ੇਸ਼ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੈਦਾ ਹੋਈ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਪ੍ਰਭਾਵਿਤ ਸਬੰਧਤ ਇਲਾਕਾ ਨਿਵਾਸੀਆਂ ਨੂੰ ਸੰਜਮ ਰੱਖਣ ਦੀ ਲੋੜ ਹੈ ਅਤੇ ਜਦੋਂ ਵੀ ਕੋਈ ਖਤਰਾ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਿਆਂ ਵਿੱਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਸਾਹਮਣੇ ਆਉਣ ’ਤੇ ਪ੍ਰਸ਼ਾਸਨ ਦਾ ਸਬੰਧਤ ਇਲਾਕਾ ਜਾਂ ਖੇਤਰ ਖਾਲੀ ਕਰਵਾਉਣ ਲਈ ਪੂਰਾ ਸਾਥ ਦਿੱਤਾ ਜਾਵੇ, ਕਿਉਂਕਿ ਸਮਾਂ ਰਹਿੰਦੇ ਅਜਿਹੀਆਂ ਥਾਵਾਂ ਖਾਲੀ ਹੋਣ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਆਰਜ਼ੀ ਕੈਂਪਾਂ ਵਿੱਚ ਜਾਕੇ ਖੁਦ ਪ੍ਰਭਾਵਿਤ ਲੋਕਾਂ ਦੀ ਸਹਾਇਤਾਂ ਕੀਤੀ ਜਾ ਰਹੀ ਹੈ। ਜਲ ਸਰੋਤ ਮੰਤਰੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਰਸਾਤੀ ਪਾਣੀ ਨਾਲ ਸਬੰਧਤ ਸਮੱਸਿਆ ਲਈ ਲੋਕ ਜ਼ਿਲ੍ਹੇ ਦੇ ਕੰਟਰੋਲ ਰੂਮ ਨੰਬਰ 0175-2350550 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਯਕੀਨ ਨਾ ਕੀਤਾ ਜਾਵੇ, ਬਲਕਿ ਇਸ ਸਬੰਧੀ ਜਾਣਕਾਰੀ ਜਾਂ ਸਮੱਸਿਆ ਲਈ ਕੰਟਰੋਲ ਰੂਮ ਨਾਲ ਹੀ ਰਾਬਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਭਾਵਿਤ ਜ਼ਿਲ੍ਹਾ ਵਾਸੀਆਂ ਦੀ ਹਰ ਸੰਭਵ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।