- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਰੱਖਿਆ ਨੀਂਹ ਪੱਥਰ।
- ਜੋ ਜਾਣਕਾਰੀ ਲਾਇਬ੍ਰੇਰੀ ਵਿਚੋਂ ਮਿਲ ਸਕਦੀ ਹੈ ਉਹ ਸੋਸਲ ਮੀਡੀਆ ਤੋ ਨਹੀਂ ਮਿਲ ਸਕਦੀ - ਬਲਕੌਰ ਸਿੰਘ
ਮਾਨਸਾ, 10 ਜਨਵਰੀ : ਪਿੰਡ ਜਵਾਹਰਕੇ ਵਿੱਚ ਹਤਿਆਰਿਆਂ ਵੱਲੋਂ 29 ਮਈ ਨੂੰ ਗੋਲੀਆਂ ਮਾਰਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣਨ ਵਾਲੀ ਲਾਇਬ੍ਰੇਰੀ ਦਾ ਨੀਂਹ ਪੱਥਰ ਪਿੰਡ ਮੂਸਾ ਵਿਖੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਰੱਖਿਆ ਗਿਆ। ਉਹਨਾਂ ਕਿਹਾ ਕਿ ਵਿਅਕਤੀ ਨੂੰ ਜੋ ਜਾਣਕਾਰੀ ਲਾਇਬ੍ਰੇਰੀ ਰਾਹੀ ਮਿਲ ਸਕਦੀ ਹੈ ਉਹ ਸੋਸਲ ਮੀਡੀਆ ਤੋ ਨਹੀਂ ਮਿਲ ਸਕਦੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਆਪਣੇ ਬੇਟੇ ਦੀ ਯਾਦ ਵਿੱਚ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਕਿਉਂਕਿ ਸਾਨੂੰ ਕਿਸੇ ਵੀ ਖੇਤਰ ਨਾਲ ਸਬੰਧਤ ਜਾਣਕਾਰੀ ਜਿਵੇਂ ਕਿ ਖੇਤੀਬਾੜੀ ਨਾਲ ਸਬੰਧਤ, ਇਤਿਹਾਸ ਨਾਲ ਸੰਬੰਧਤ ਅਤੇ ਸਾਡੇ ਸੂਰਮਿਆਂ ਨਾਲ ਸੰਬੰਧਿਤ, ਹਰੀ ਸਿੰਘ ਨਲੂਆ ਵਰਗੇ ਕੌਮ ਦੇ ਯੋਧਿਆਂ ਨਾਲ ਸਬੰਧਤ ਹੋਵੇ, ਉਹ ਲਾਇਬ੍ਰੇਰੀ ਵਿੱਚ ਹੀ ਸੰਭਵ ਹੋ ਸਕਦੀ ਹੈ, ਅਤੇ ਇਹ ਜਾਣਕਾਰੀ ਸਾਨੂੰ ਕਿਤੇ ਹੋਰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਅੱਧੇ ਤੋਂ ਵੱਧ ਝੂਠ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਬੜੇ ਸੂਝਵਾਨ ਲੇਖਕਾਂ ਨੇ ਲਿਖਿਆ ਹੁੰਦੀਆਂ ਹਨ ਅਤੇ ਜੇ ਬੰਦਾ ਧਿਆਨ ਨਾਲ ਪੜ੍ਹੇ ਤਾਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਸਾਡੀ ਵੀ ਸੋਚ ਹੈ ਕਿ ਘੱਟੋ ਘੱਟ ਜਿਹੜੀ ਵੀ ਕੋਈ ਨਵੀਂ ਜਾਣਕਾਰੀ ਹੈ, ਯੂਨੀਵਰਸਿਟੀ ਦੀ ਹੈ ਜਾਂ ਕੋਈ ਖੇਤੀਬਾੜੀ ਨਾਲ ਸਬੰਧਤ ਹੈ, ਜਾਂ ਹੋਰ ਕਿਸਮ ਦੀ ਜਾਣਕਾਰੀ ਇਸ ਲਾਇਬ੍ਰੇਰੀ ਰਾਹੀਂ ਸਿੱਧੀ ਨੌਜਵਾਨਾਂ ਤੱਕ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਲਾਇਬਰੇਰੀ ਨੂੰ ਬਣਾਉਣ ਤੇ ਕੁੱਲ ਖਰਚਾ 20 ਲੱਖ ਰੁਪਏ ਆਵੇਗਾ।