ਫਾਜ਼ਿਲਕਾ ਤੇ ਰਾਜਸਥਾਨ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ‘ਚ 50,000 ਲੀਟਰ ਲਾਹਣ ਕੀਤਾ ਬਰਾਮਦ

ਫਾਜ਼ਿਲਕਾ, 21 ਜੁਲਾਈ 2024 : ਫਾਜ਼ਿਲਕਾ ਪੁਲਿਸ ਵੱਲੋਂ ਸ਼ਰਾਬ ਤੇ ਨਸ਼ਾ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਥਾਣਾ ਖੂਈਆਂ ਸਰਵਰ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨਾਲ ਮਿਲ ਕੇ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ। ਰਾਜਸਥਾਨ ਹੱਦ ਦੇ ਨਾਲ ਲੱਗਦੀ ਗੰਗ ਕੈਨਾਲ ਅਤੇ ਆਸਪਾਸ ਦੇ ਏਰੀਆ ਵਿੱਚੋਂ 50 ਹਜ਼ਾਰ ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਅਤੇ ਪੰਜਾਬ ਦੀ ਹੱਦ ਨਾਲ ਲੱਗਦੀ ਗੰਗ ਕੈਨਾਲ ਅਤੇ ਇਸਦੇ ਆਸ ਪਾਸ ਦੇ ਏਰੀਆ ਵਿੱਚ ਨਜਾਇਜ ਸ਼ਰਾਬ ਕਸ਼ੀਦ ਕਰਨ ਦੀ ਸੂਚਨਾ ਮਿਲੀ ਸੀ। ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਸਮੇਤ ਪੁਲਿਸ ਪਾਰਟੀ ਅਤੇ ਰਾਜਸਥਾਨ ਪੁਲਿਸ ਵੱਲੋਂ ਐਕਸਾਈਜ਼ ਇੰਸਪੈਕਟਰ ਖੂਈਆਂ ਸਰਵਰ ਦੀ ਹਾਜਰੀ ਵਿੱਚ ਗੰਗ ਕੈਨਾਲ ਅਤੇ ਇਸ ਦੇ ਆਸ ਪਾਸ ਦੇ ਏਰੀਆ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਗੰਗ ਕੈਨਾਲ ਦੇ ਕੰਡਿਆਂ ਅਤੇ ਸੜਕ ਦੇ ਨਾਲ ਖੱਡੇ ਬਣਾ ਕੇ ਲੋਹੇ ਦੇ ਡਰੰਮਾਂ ਵਿੱਚ ਕੱਚੀ ਲਾਹਨ ਭਰ ਕੇ ਛੁਪਾਏ ਹੋਏ ਸਨ। ਜੋ ਕਰੀਬ 50 ਹਜਾਰ ਲੀਟਰ ਲਾਹਣ ਨੂੰ ਐਕਸਾਈਜ਼ ਇੰਸਪੈਕਟਰ ਦੀ ਹਾਜਰੀ ਵਿੱਚ ਨਸ਼ਟ ਕੀਤਾ ਗਿਆ ਹੈ। ਫਾਜਿਲਕਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਦੀ ਨਜਾਇਜ ਤਸਕਰੀ ਕਰਨ ਅਤੇ ਕਸ਼ੀਦ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰਾਜਸਥਾਨ ਪੁਲਿਸ ਅਤੇ ਫਾਜਿਲਕਾ ਪੁਲਿਸ ਵੱਲੋ ਸਾਂਝੇ ਸਰਚ ਅਪ੍ਰੇਸ਼ਨ ਚਲਾਏ ਜਾਣਗੇ।