ਫਾਜ਼ਿਲਕਾ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿਉ-ਪੁੱਤ ਦੀ ਗੋਲੀ ਮਾਰ ਕੀਤਾ ਕਤਲ

ਫਾਜ਼ਿਲਕਾ, 19 ਜੁਲਾਈ 2024 : ਫਾਜ਼ਿਲਕਾ ਦੇ ਪਿੰਡ ਪੱਕਾ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿਉ-ਪੁੱਤ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅਵਤਾਰ ਸਿੰਘ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਨੇ ਪਿੰਡ 'ਚ ਹੀ ਕਰੀਬ 8 ਏਕੜ ਜ਼ਮੀਨ ਠੇਕੇ 'ਤੇ ਲਈ ਸੀ, ਜਿਸ 'ਤੇ ਉਸ ਦਾ ਭਰਾ ਖੇਤੀ ਕਰਦਾ ਸੀ ਉਸ ਜ਼ਮੀਨ ‘ਤੇ ਪਹਿਲਾਂ ਮੁਲਜਮ ਵੀ ਠੇਕੇ 'ਤੇ ਲੈ ਕੇ ਖੇਤੀ ਕਰਦੇ ਸੀ, ਜੋ ਕਿ ਪਾਕਾ ਪਿੰਡ ਦੇ ਹੀ ਰਹਿਣ ਵਾਲੇ ਹਨ।ਉਹ ਇਸ ਗੱਲ ਕਾਰਨ ਰੰਜਿਸ਼ ਰੱਖਦੇ ਸਨ। ਉਸ ਨੇ ਦੱਸਿਆ ਕਿ ਉਸ ਦਾ ਭਰਾ ਅਵਤਾਰ ਸਿੰਘ ਅਤੇ ਭਤੀਜਾ ਹਰਮੀਤ ਸਿੰਘ ਠੇਕੇ ’ਤੇ ਲਏ ਖੇਤਾਂ ਨੂੰ ਪਾਣੀ ਲਾ ਰਹੇ ਸਨ ਕਿ ਇਸੇ ਦੌਰਾਨ ਕਥਿਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾਂ ਮੌਕੇ 'ਤੇ ਆਏ ਅਤੇ ਪਹਿਲਾਂ ਮੇਰੇ ਭਤੀਜੇ ਹਰਮੀਤ ਸਿੰਘ ਦੇ ਰਿਵਾਲਵਰ ਨਾਲ ਗੋਲ਼ੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਮੇਰੇ ਭਰਾ ਅਵਤਾਰ ਸਿੰਘ ਨੂੰ ਵੀ ਗੋਲ਼ੀਆਂ ਮਾਰੀਆਂ ਅਤੇ ਕਹੀਆਂ ਨਾਲ ਵਾਰ ਕਰ ਕਰ ਕੇ ਮੌਕੇ 'ਤੇ ਹੀ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਉਕਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾਂ ਇਹ ਜ਼ਮੀਨ ਵਾਹੁੰਦੇ ਸਨ, ਪਰ ਹੁਣ ਦੋ ਸਾਲਾਂ ਤੋਂ ਮੇਰਾ ਭਰਾ ਅਵਤਾਰ ਸਿੰਘ ਠੇਕੇ ਲੈ ਕੇ ਵਾਹੀ ਕਰ ਰਿਹਾ ਸੀ। ਇਸੇ ਗੱਲ ਦੀ ਇਹ ਲੋਕ ਰੰਜਿਸ਼ ਰੱਖਦੇ ਸਨ। ਜਿਸ ਦੇ ਚਲਦਿਆਂ ਉਨ੍ਹਾਂ ਇਨ੍ਹਾਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੇਰੇ ਭਰਾ ਅਤੇ ਭਤੀਜੇ ਦਾ ਖੇਤ ਵਿਚ ਹੀ ਕਤਲ ਕਰ ਦਿੱਤਾ। ਮ੍ਰਿਤਕ ਅਵਤਾਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਵਿਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ।ਜਦੋਂ ਕਿ ਦੂਜਾ ਬੇਟਾ ਅਪਾਹਜ ਹੈ। ਮਿ੍ਤਕ ਨੌਜਵਾਨ ਹਰਮੀਤ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਕੁੱਝ ਦਿਨ ਪਹਿਲਾਂ ਹੀ ਇਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।