- ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2023 ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ
ਫਰੀਦਕੋਟ 19 ਜੁਲਾਈ : ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2023 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲਾ ਸੱਭਿਆਚਾਰਕ ਸੁਸਾਇਟੀ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਐੱਸ.ਡੀ.ਐੱਮ ਫ਼ਰੀਦਕੋਟ ਮੈਡਮ ਬਲਜੀਤ ਕੌਰ,ਐਸ.ਡੀ.ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ ਵਿਸ਼ੇਸ਼ ਤੌਰ ਤੇ ਹਾਜਰ ਸਨ। ਮੀਟਿੰਗ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਆਗਮਨ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਉਨਾਂ ਬਾਬਾ ਫਰੀਦ ਕੌਮੀ ਫੈਸਟੀਵਲ ਦੌਰਾਨ ਕੀਤੇ ਜਾਂਦੇ ਪ੍ਰੋਗਰਾਮ, ਪਾਠ ਸ੍ਰੀ ਸੁਖਮਨੀ ਸਾਹਿਬ ਅਤੇ ਅਰਦਾਸ, ਪੇਂਡੂ ਖੇਡ ਮੇਲਾ, ਡਰਾਮਾ ਫੈਸਟੀਵਲ, ਹੈਰੀਟੇਜ਼ ਵਾਕ, ਕੌਮੀ ਲੋਕ ਨਾਚ ਪ੍ਰੋਗਰਾਮ ਸਮੇਤ ਮੇਲੇ ਦੌਰਾਨ ਹੋਣ ਵਾਲੇ ਹੋਰ ਵੱਖ ਵੱਖ ਮੁਕਾਬਲਿਆਂ, ਸਮਾਗਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ, ਤਾਂ ਜੋ ਇਸ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲੇ ਮੇਲੇ ਨੂੰ ਸਫਲਤਾਪੂਰਵਕ ਸੰਪੰਨ ਕੀਤਾ ਜਾ ਸਕੇ ਅਤੇ ਮੇਲੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਿਰਕਤ ਹੋ ਸਕੇ ।