ਪੀ.ਏ.ਯੂ ਵਿਚ ਹੱਥ ਕਲਾ ਰਾਹੀਂ ਰੋਜ਼ਗਾਰ ਸੰਬੰਧੀ ਸਿਖਲਾਈ ਕੋਰਸ ਲਗਾਇਆ ਗਿਆ

ਲੁਧਿਆਣਾ 1 ਜੁਲਾਈ 2024 : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੀਆਂ ਕਿਸਾਨ ਬੀਬੀਆਂ ਲਈ ਹੱਥ ਕਲਾ ਰਾਹੀਂ ਰੋਜ਼ਗਾਰ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਕੋਰਸ ਵਿੱਚ 50 ਸਿਖਿਆਰਥੀਆਂ ਨੇ ਭਾਗ ਲਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਧ ਤੋਂ ਵੱਧ ਕਿਸਾਨ ਬੀਬੀਆਂ ਨੂੰ ਹੱਥ ਕਲਾ ਦੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਨਾ ਸਿਰਫ ਘਰ ਤੱਕ ਸੀਮਿਤ ਰਹਿਣਾ ਚਾਹੀਦਾ ਹੈ, ਸਗੋਂ ਇੱਕ ਸਫਲ ਉੱਦਮੀ ਵਜੋਂ ਆਪਣੀ ਪਹਿਚਾਣ ਬਨਾਉਣੀ ਚਾਹੀਦੀ ਹੈ ਅਤੇ ਹੋਰਾਂ ਲੋਕਾਂ ਲਈ ਵੀ ਰੋਜਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ|ਇਸ ਮੌਕੇ ਤੇ ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਅਜੋਕੇ ਸਮੇਂ ਵਿੱਚ ਹਸਤ ਕਲਾ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨ ਬੀਬੀਆਂ ਨੂੰ ਯੂਨੀਵਰਸਿਟੀ ਦੇ ਸਾਹਿਤ/ਸਿਖਲਾਈ ਕੋਰਸਾਂ ਨਾਲ ਵੱਧ ਤੋਂ ਵੱਧ ਜੁੜਣ ਲਈ ਪ੍ਰੇਰਿਤ ਕੀਤਾ| ਡਾ. ਪ੍ਰੇਰਨਾ ਕਪਿਲਾ ਅਤੇ ਮੈਡਮ ਕੰਵਲਜੀਤ ਕੌਰ ਨੇ ਰੰਗਾਂ ਅਤੇ ਰੰਗ ਸਕੀਮਾਂ, ਮੈਕ੍ਰੇਮ ਗੰਢ, ਬਲਾਕ ਅਤੇ ਸਟੈਨਸਿਲ ਪ੍ਰਿੰਟਿੰਗ ਆਰਟੀਕਲਜ਼ ਦੀ ਤਿਆਰੀ, ਹਰਬਲ ਅਤੇ ਸਜਾਵਟੀ ਸਾਬਣ ਦੀ ਤਿਆਰੀ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ| ਮੈਡਮ ਕੰਵਲਜੀਤ ਕੌਰ ਨੇ ਮੁੱਢਲੀ ਕਢਾਈ ਦੇ ਟਾਂਕੇ ਅਤੇ ਰਿਬਨ ਦਾ ਕੰਮ, ਕਢਾਈ ਦੇ ਨਾਲ ਸਜਾਵਟੀ ਵਸਤੂਆਂ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ| ਡਾ. ਰੁਪਿੰਦਰ ਕੌਰ ਅਤੇ ਡਾ. ਕੁਲਵੀਰ ਕੌਰ ਨੇ ਫੈਬਰਿਕ ਪੇਂਟਿੰਗ ਬਾਰੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ| ਮੈਡਮ ਕੁਲਦੀਪ ਕੌਰ ਨੇ ਟਾਈ ਅਤੇ ਡਾਈ’ ਬਾਰੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ| ਸ਼੍ਰੀਮਤੀ ਕਮਲਜੀਤ ਕੌਰ, ਮੈਂਬਰ, ਕਿਸਾਨ ਕਲੱਬ ਨੇ ਰੇਸ਼ਮੀ ਕੱਪੜੇ ’ਤੇ ਫੈਬਰਿਕ ਪੇਂਟਿੰਗ ਬਾਰੇ ਜਾਣਕਾਰੀ ਦਿੱਤੀ| ਆਖਰੀ ਦਿਨ ਸਿਖਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਸਜਾਵਟੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ|ਅੰਤ ਵਿੱਚ ਡਾ. ਪ੍ਰੇਰਨਾ ਕਪਿਲਾ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ|