ਬਠਿੰਡਾ, 24 ਫਰਵਰੀ : ਏਸ਼ੀਆ ਦੇ ਸਭ ਤੋਂ ਵੱਡੇ ਪ੍ਰਜੈਕਟ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਵਿੱਚ ਲੱਗੀ ਅੱਗ ਕਾਰਨ ਭਾਰੀ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਭਿਆਨਕ ਅਗਨੀਕਾਂਡ ਵਿਚ ਰਾਹਤ ਵਾਲੀ ਇਹੋ ਗਲ ਰਹੀ ਹੈ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕੇ ਦੇਖਦੇ ਹੀ ਦੇਖਦੇ ਅਸਮਾਨ ਵਿੱਚ ਕਾਲੇ ਧੂਏਂ ਦਾ ਗੁਬਾਰ ਨਜ਼ਰ ਆ ਰਿਹਾ ਸੀ। ਰਿਫਾਇਨਰੀ ਵਿੱਚ ਲੱਗੀ ਅੱਗ ਕਾਰਨ ਨਜ਼ਦੀਕ ਲੱਗਦੇ ਪਿੰਡ ਕਣਕਵਾਲ ਅਤੇ ਫੁਲੋਖਾਰੀ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕੇ ਰਫਾਇਨਰੀ ਪ੍ਰਬੰਧਕ ਇਨ੍ਹਾਂ ਪ੍ਰਤੀ ਅਜੇ ਖੁੱਲ੍ਹ ਕੇ ਗੱਲ ਵੀ ਬੋਲਣ ਨੂੰ ਤਿਆਰ ਨਹੀਂ ਪਰ ਅੰਦਰੋਂ ਨਿਕਲ ਕੇ ਆਈ ਜਾਣਕਾਰੀ ਅਨੁਸਾਰ ਇਸ ਪ੍ਰੋਜੈਕਟ ਨੂੰ ਕਿਡਨੀ ਕਾਂਡ ਕਾਰਨ ਕਰੋੜਾਂ ਰੁਪਏ ਦਾ ਰਗੜਾ ਝੱਲਣਾ ਪੈ ਸਕਦਾ ਹੈ। ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਦਰਜਨ ਗੱਡੀਆਂ ਅਤੇ ਅਧਿਕਾਰੀਆਂ ਨੇ ਕਰੜੀ ਮੁਸ਼ੱਕਤ ਤੋਂ ਬਾਅਦ ਕਰੀਬ 9 ਮਗਰੋਂ ਅੱਗ ਤੇ ਕਾਬੂ ਪਾਇਆ। ਤੇਲ ਸੋਧਕ ਕਾਰਖਾਨੇ ਦੇ ਬਾਹਰ ਮੌਜੂਦ ਲੋਕਾਂ ਅਨਸਾਰ ਅੱਗ ਲੱਗਣ ਦੀ ਇਹ ਘਟਨਾ ਸੁਵੱਖਤੇ ਤਿੰਨ ਵਜੇ ਦੇ ਕਰੀਬ ਕਾਰਖਾਨੇ ਚ ਸੱਜੇ ਪਾਸੇ ਨਵੇਂ ਬਣੇ ਯੂਨਿਟ ਪੈਟਰੋਕੈਮੀਕਲ ਦੇ ਡੀਐਫਸੀਯੂ ਚ ਵਾਪਰੀ ਹੈ ਪ੍ਰਬੰਧਕਾਂ ਨੇ ਅੱਗ ਕਾਬੂ ਤੋਂ ਬਾਹਰ ਹੁੰਦੀ ਵੇਖ ਮਜਦਰਾਂ ਨੂੰ ਕਾਰਖਾਨੇ ਚੋਂ ਕੱਢਣ ਲਈ ਖਤਰੇ ਦਾ ਸਾਇਰਨ ਵਜਾਇਆ ਪਰ ਮਿੰਟਾਂ ਸਕਿੰਟਾਂ ਵਿੱਚ ਅੱਗ ਭਿਆਨਕ ਰੂਪ ਧਾਰਨ ਕਰ ਗਈ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਦਿਨ ਚੜਦੇ ਤੱਕ ਆਸਮਾਨ ਵਿਚ ਧੂਏਂ ਦਾ ਦਿਲ ਦਹਿਲਾ ਦੇਣ ਵਾਲਾ ਅੰਬਾਰ ਨਜ਼ਰ ਆ ਰਿਹਾ ਸੀ। ਭਾਵੇਂ ਕਾਰਖਾਨੇ ਚ ਲੱਗੀ ਅੱਗ ਬਾਹਰ ਦਿਖਾਈ ਨਹੀਂ ਦੇ ਰਹੀ ਸੀ ਪਰ ਇਸ ਦਾ ਧੂਆਂ ਕਈ ਕਿਲੋਮੀਟਰ ਤੱਕ ਫੈਲ ਚੁੱਕਿਆ ਸੀ ਧੂਏਂ ਨੇ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ ਵੀ ਲਕੋ ਲਿਆ ਜਿਸ ਕਰਕੇ ਇੱਕ ਵਾਰ ਚਾਰੇ ਪਾਸੇ ਹਨੇਰਾ ਛਾ ਗਿਆ। ਦੁਪਿਹਰ ਤੱਕ ਕਾਰਖਾਨੇ ਚੋਂ ਧੂਆਂ ਨਿਕਲਦਾ ਰਿਹਾ। ਘਟਨਾਂ ਦੌਰਾਨ ਕਾਰਖਾਨੇ ਦੇ ਬਾਹਰ ਖੜੇ ਲੋਕਾਂ ਨੇ ਸਾਂਹ ਲੈਣ ਚ ਤਕਲੀਫ ਅਤੇ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਥਾਂ ਤੇ ਇਹ ਅੱਗ ਲੱਗਣ ਦੀ ਘਟਨਾ ਵਾਪਰੀ ਉਸ ਦੇ ਨੇੜੇ ਹੀ ਲੱਖਾਂ ਲੀਟਰ ਤੇਲ ਭੰਡਾਰਨ ਦੇ ਸਮਰਥਾ ਵਾਲੇ ਵੱਡੇ ਚਾਰ ਟੈਂਕ ਮੌਜੂਦ ਹਨ। ਸੂਤਰ ਦੱਸਦੇ ਹਨ ਕਿ ਜੇਕਰ ਅੱਗ ਦਾ ਵਹਾਅ ਉਨ੍ਹਾਂ ਵੱਲ ਹੋ ਜਾਂਦਾ ਤਾਂ ਕਿਸੇ ਵੱਡੀ ਅਣਹੋਣੀ ਵਾਪਰ ਸਕਦੀ ਸੀ। ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਤੇ ਰਿਫਾਇਨਰੀ ਚੋਂਕੀ ਇੰਚਾਰਜ ਤੋਂ ਬਿਨਾ ਕੋਈ ਹੋਰ ਅਧਿਕਾਰੀ ਨਹੀਂ ਪਹੁੰਚਿਆ। ਐਸ ਡੀ ਐਮ ਤਲਵੰਡੀ ਸਾਬੋ ਗਗਨਦੀਪ ਸਿੰਘ ਕਿਹਾ ਕਿ ਕਾਰਖਾਨੇ ਦੇ ਪ੍ਰਬੰਧਕਾਂ ਨਾਲ ਉਨ੍ਹਾਂ ਦਾ ਲਗਾਤਾਰ ਸੰਪਰਕ ਰਿਹਾ ਹੈ। ਕਾਰਖਾਨੇ ਅੰਦਰ ਅੱਗ ਬੁਝਾਉਣ ਤੇ ਉੱਚ ਤਕਨੀਕ ਦੀ ਮਸ਼ੀਨਰੀੇ ਮੌਜੂਦ ਹੈ ਫਿਰ ਵੀ ਜ਼ਰੂਰਤ ਅਨੁਸਾਰ ਹੋਰ ਥਾਵਾਂ ਤੋਂ ਗੱਡੀਆਂ ਬੁਲਾਈਆਂ ਜਾ ਸਕਦੀਆਂ ਸਨ। ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਉੱਘੇ ਕਾਰੋਬਾਰੀ ਲਕਸ਼ਮੀ ਮਿੱਤਲ ਅਤੇ ਹਿੰਦੋਸਤਾਨ ਪੈਟਰੋਲੀਅਮ ਦਾ ਸਾਂਝਾ ਪ੍ਰਾਜੈਕਟ ਹੈ। ਕਾਰਖਾਨੇ ਦੇ ਮੀਡੀਆ ਹੈਡ ਪੰਕਜ ਵਿਨਾਇਕ ਨੇ ਦੱਸਿਆ ਕਾਰਖਾਨੇ ਦੇ ਇੱਕ ਨਵੇਂ ਤਿਆਰ ਹੋਏ ਯੂਨਿਟ ਚ ਇੱਕ ਤੇਲ ਵਾਲਾ ਪੰਪ ਲੀਕ ਹੋਣ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਜਿਸ ਤੇ ਕਾਬੂ ਪਾ ਲਿਆ ਗਿਆ ਹੈ ।ਉਨ੍ਹਾਂ ਕਿਹਾ ਹੈ ਕਿ ਜਿਸ ਯੂਨਿਟ ਚ ਅੱਗ ਲੱਗੀ ਹੈ ਉਸ ਨੂੰ ਅਜੇ ਚਾਲੂ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਘਟਨਾ ਸਮੇ ਉਥੇ ਕੋਈ ਵੀ ਮੌਜੂਦ ਨਹੀਂ ਸੀ ।ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਇਨਕਾਰ ਕੀਤਾ।
ਰਿਫਾਇਨਰੀ ਪ੍ਰਬੰਧਕਾਂ ਨੇ ਦਿੱਤੀ ਸਫਾਈ - ਅੱਗ ਤੋਂ ਜਾਨੀ ਨੁਕਸਾਨ ਦਾ ਰਿਹਾ ਬਚਾਅ
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਪਟਾਕਾ ਯੂਨਿਟ ਦੇ ਕੁਇੰਚ ਆਇਲ ਪੰਪ ਨੂੰ ਤੇਲ ਲੀਕ ਹੋਣ ਕਾਰਨ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਿਸ ਦੇ ਤੁਰੰਤ ਬਾਅਦ ਐਚਐਮਈਐਲ ਦੀ ਐਮਰਜੈਂਸੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਹ ਜਾਣਕਾਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਬੁਲਾਰੇ ਨੇ ਸਾਂਝੀ ਕੀਤੀ। ਬੁਲਾਰੇ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਸ ਘਟਨਾ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ। ਐਚਐਮਈਐਲ ਦੀ ਐਮਰਜੈਂਸੀ ਟੀਮ ਵਲੋਂ ਜਲਦ ਮੁਸਤੈਦੀ ਵਰਤਦਿਆਂ ਠੋਸ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਲਿਆ ਗਿਆ। ਬਲਾਰੇ ਅਨੁਸਾਰ ਡੁੱਲ੍ਹੇ ਤੇਲ ਨੇ ਸੰਘਣਾ ਧੂੰਆਂ ਪੈਦਾ ਕੀਤਾ। ਪ੍ਰਭਾਵਿਤ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਤੇ ਰੱਖ-ਰਖਾਅ ਟੀਮ ਬਹਾਲੀ ਦੇ ਕੰਮ 'ਤੇ ਕੰਮ ਕਰ ਰਹੀ ਹੈ। ਅੱਗ ਦਾ ਹੋਰ ਯੂਨਿਟਾਂ 'ਤੇ ਕੋਈ ਪ੍ਰਭਾਵ ਨਹੀਂ ਪਿਆ।