
- ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਜ਼ਿਲ੍ਹਾ ਹਸਪਤਾਲ ਦੀ ਕੀਤੀ ਅਚਨਚੇਤ ਚੈਕਿੰਗ
ਸ੍ਰੀ ਫਤਿਹਗੜ੍ਹ ਸਾਹਿਬ, 13 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ ਬਲਬੀਰ ਸਿੰਘ ਨੇ ਅੱਜ ਸਵੇਰੇ ਜ਼ਿਲਾ ਹਸਪਤਾਲ ਸ੍ਰੀ ਫਤਿਹਗੜ੍ਹ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ। ਸਿਹਤ ਮੰਤਰੀ ਨੇ ਇਸ ਮੌਕੇ ਅੱਖਾਂ, ਹੱਡੀਆਂ ,ਗਾਇਨੀ ,ਓਪੀਡੀ, ਮੈਡੀਸਨ ਅਤੇ ਸਰਜੀਕਲ ਆਦਿ ਵਿਭਾਗਾਂ ਦਾ ਨਿਰੀਖਣ ਕੀਤਾ ਅਤੇ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜਾ ਲਿਆ। ਸਿਵਲ ਹਸਪਤਾਲ ਦੇ ਰਜਿਸਟਰੇਸ਼ਨ ਕਾਊਂਟਰ ਤੇ ਮਰੀਜਾਂ ਦੀਆਂ ਲੰਬੀਆਂ ਲਾਇਨਾਂ ਵੇਖ ਕੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਐਸ.ਐਮ.ਓ. ਡਾ: ਕੇ. ਡੀ. ਸਿੰਘ ਨੂੰ ਹਦਾਇਤ ਕੀਤੀ ਕਿ ਹਸਪਤਾਲ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਭਾਵ ਸਵੇਰੇ 8.30 ਵਜੇ ਰਜਿਸਟਰੇਸ਼ਨ ਸ਼ੁਰੂ ਕਰਨੀ ਯਕੀਨੀ ਬਣਾਈ ਜਾਵੇ ਅਤੇ ਡਾਕਟਰਾਂ ਦੀ ਓਪੀਡੀ ਵੀ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇ, ਤਾਂ ਜੋ ਮਰੀਜਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਹਦਾਇਤ ਕੀਤੀ ਕਿ ਹਸਪਤਾਲ ਅੰਦਰ ਆਉਣ ਵਾਲੇ ਮਰੀਜਾਂ ਨੂੰ ਆਭਾ ਆਈ.ਡੀ. ਬਣਾਉਣ ਸਬੰਧੀ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਮਰੀਜ ਘਰ ਬੈਠੇ ਹੀ ਆਨਲਾਇਨ ਰਜਿਸਟਰੇਸ਼ਨ ਕਰਵਾ ਕੇ ਇਸ ਦਾ ਲਾਭ ਉਠਾ ਸਕਣ। ਡਾ: ਬਲਬੀਰ ਸਿੰਘ ਨੇ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਨੂੰ ਨਿਰਦੇਸ਼ ਦਿੱਤੇ ਕਿ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਕੋਈ ਵੀ ਦਵਾਈ ਬਾਹਰੋਂ ਨਾ ਲਿਖੀ ਜਾਵੇ ਅਤੇ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਦੇਣੀਆਂ ਯਕੀਨੀ ਬਣਾਈਆਂ ਜਾਣ।