- ਅਧਿਕਾਰੀਆਂ ਨੂੰ ਸੁਖਾਵੀਂ ਵਿਧੀ ਤਿਆਰ ਕਰਨ ਦੇ ਨਿਰਦੇਸ਼; ਲਾਭਪਾਤਰੀਆਂ ਲਈ ਅਪਲਾਈ ਕਰਨਾ ਹੋਵੇ ਆਸਾਨ
- ਅਰਜ਼ੀ ਪ੍ਰਕਿਰਿਆ 'ਚ ਦਿਵਿਆਂਗਜਨਾਂ ਦੇ ਸਹਿਯੋਗ ਲਈ ਸਮਰਪਿਤ ਹੈਲਪਲਾਈਨ ਵੀ ਕੀਤੀ ਜਾਵੇ ਤਿਆਰ
ਲੁਧਿਆਣਾ, 20 ਜੂਨ 2024 : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ ਅੰਗਹੀਣ ਮਾਮਲਿਆਂ ਵਿੱਚ ਲੰਬਿਤ ਯੂ.ਡੀ.ਆਈ.ਡੀ. ਕਾਰਡਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਇੱਕ ਸੁਖਾਵੀਂ ਵਿਧੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਿਸ ਵਿੱਚ ਲਾਭਪਾਤਰੀ ਆਸਾਨੀ ਨਾਲ ਅਪਲਾਈ ਕਰ ਸਕਣ ਅਤੇ ਅਰਜ਼ੀ ਪ੍ਰਕਿਰਿਆ ਵਿੱਚ ਉਹਨਾਂ ਦੀ ਮਦਦ ਲਈ ਇੱਕ ਸਮਰਪਿਤ ਹੈਲਪਲਾਈਨ ਤਿਆਰ ਕੀਤੀ ਜਾਵੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਅਤੇ ਰੁਪਿੰਦਰਪਾਲ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਪਰਮਦੀਪ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਡਾ. ਨੀਲਮ ਸੋਢੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਅਪੰਗਤਾ ਸਰਟੀਫਿਕੇਟ ਲੈਣ ਲਈ ਕਈ ਵਾਰ ਇਲਾਕਾ ਨਿਵਾਸੀਆਂ ਨੂੰ ਸਹੀ ਸੇਧ ਨਹੀਂ ਮਿਲ ਪਾਉਂਦੀ। ਇਸ ਤੋਂ ਇਲਾਵਾ ਕੁਝ ਟੈਸਟ ਸਿਰਫ਼ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਹੀ ਕੀਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿਵਾਇਆ ਕਿ ਉਹ ਪ੍ਰਾਈਵੇਟ ਹਸਪਤਾਲਾਂ ਕੋਲ ਇਸ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਚੁੱਕਣਗੇ, ਨਾਲ ਹੀ ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਵਿੱਤੀ ਸਹਾਇਤਾ ਕਰਨ ਤਾਂ ਜੋ ਅਜਿਹੇ ਲੋੜਵੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ ਅਤੇ ਟੈਸਟ ਮੁਫਤ ਕੀਤੇ ਜਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਅਪੰਗਤਾ ਸਰਟੀਫਿਕੇਟ ਸਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਇੱਕ ਸਮਰਪਿਤ 24×7 ਹੈਲਪਲਾਈਨ ਨੰਬਰ ਜਾਰੀ ਕਰਨ।