- ਰਜਿਸਟਰਡ ਫਰਮਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ’ਤੇ ਉਪਲੱਬਧ
- ਕਿਸੇ ਵੀ ਤਰ੍ਹਾਂ ਦੀ ਜਾਅਲਸਾਜ਼ੀ ਤੋਂ ਬਚਣ ਲਈ ਲਾਇਸੈਂਸਧਾਰਕ ਏਜੰਟਾਂ ਬਾਰੇ ਜਾਗਰੂਕ ਹੋਣ ਦੀ ਅਪੀਲ
ਬਰਨਾਲਾ, 11 ਜੁਲਾਈ : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈਏਐੱਸ ਨੇ ਜ਼ਿਲ੍ਹਾ ਬਰਨਾਲਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ, ਟਰੈਵਲ, ਟਿਕਟਿੰਗ, ਆਈਲੈਟਸ ਆਦਿ ਸੇਵਾਵਾਂ ਸਿਰਫ਼ ਤੇ ਸਿਰਫ਼ ਲਾਇਸੈਂਸਧਾਰਕ/ਰਜਿਸਟਰਡ ਏਜੰਟਾਂ ਅਤੇ ਫਰਮਾਂ ਤੋਂ ਹੀ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀ ਵੈੱਬਸਾਈਟ www.barnala.gov.in ’ਤੇ https://barnala.gov.in/documen.../details-of-issued-licence/ ਲਿੰਕ ਉਤੇ ਰਜਿਸਟਰਡ ਇਮੀਗ੍ਰੇਸ਼ਨ, ਆਈਲੈਟਸ, ਟਿਕਟਿੰਗ, ਕੰਸਲਟੈਂਸੀ ਫਰਮਾਂ ਦੀ ਜਾਣਕਾਰੀ ਦਰਜ ਹੈ, ਇਸ ਲਈ ਸਿਰਫ ਉਪਰੋਕਤ ਜਾਣਕਾਰੀ ਦੇ ਆਧਾਰ ’ਤੇ ਹੀ ਜ਼ਿਲ੍ਹਾ ਵਾਸੀ ਸਬੰਧਤ ਫਰਮਾਂ ਤੋਂ ਸੇਵਾਵਾਂ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਾਅਲਸਾਜ਼ੀ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਹੋਰ ਐਕਟਾਂ ਤਹਿਤ ਉਪਰੋਕਤ ਫਰਮਾਂ ਨੂੰ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ ਤੇ ਸਬੰਧਤ ਫਰਮਾਂ ਨੂੰ ਆਪਣਾ ਲਾਇਸੈਂਸ ਨੰਬਰ ਆਪਣੇ ਬੋਰਡਾਂ ਆਦਿ ’ਤੇ ਡਿਸਪਲੇਅ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸ ਲਈ ਜ਼ਿਲ੍ਹਾ ਵਾਸੀ ਅਜਿਹੀਆਂ ਸੇਵਾਵਾਂ ਲਈ ਸਿਰਫ ਰਜਿਸਟਰਡ ਫਰਮਾਂ ਕੋਲ ਹੀ ਰਾਬਤਾ ਕਰਨ ਤੇ ਅਜਿਹੇ ਕੇਸਾਂ ਵਿੱਚ ਹੋਣ ਵਾਲੀ ਧੋਖਾਧੜੀ ਜਾਂ ਜਾਅਲਸਾਜ਼ੀ ਤੋਂ ਬਚਣ।