
- ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਲੋਕ ਪੱਖੀ ਤਰੀਕੇ ਨਾਲ ਸਕੀਮਾਂ ਨੂੰ ਲਾਗੂ ਕਰਨ ਦੀ ਦਿੱਤੀ ਹਦਾਇਤ
- ਨਬਾਰਡ ਵੱਲੋਂ ਸਾਲ 2025-26 ਲਈ ਸੰਭਾਵਿਤ ਕਰਜ ਯੋਜਨਾ ਜਾਰੀ
ਸ੍ਰੀ ਮੁਕਤਸਰ ਸਾਹਿਬ 19 ਮਾਰਚ 2025 : ਜ਼ਿਲ੍ਹਾ ਬੈਂਕਿੰਗ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਉਹਨਾਂ ਨੇ ਸਮੂਹ ਬੈਂਕਾਂ ਨੂੰ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਮਨੁੱਖਤਾਵਾਦੀ ਤਰੀਕੇ ਨਾਲ ਲੋੜਵੰਦ ਲੋਕਾਂ ਤੱਕ ਪੁੱਜਦਾ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਹਨਾਂ ਨੇ ਕਿਹਾ ਕਿ ਬੈਂਕ ਸਮਾਜ ਦੇ ਪਿਛੜੇ ਅਤੇ ਜਰੂਰਤਮੰਦ ਵਰਗਾਂ ਨੂੰ ਵਿੱਤ ਮੁਹਈਆ ਕਰਵਾਉਣ ਤਾਂ ਜੋ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਉਨਾਂ ਨੇ ਕਿਹਾ ਕਿ ਪ੍ਰਾਥਮਿਕ ਸੈਕਟਰ ਵਿੱਚ ਵੱਧ ਤੋਂ ਵੱਧ ਵਿੱਤ ਮੁਹਈਆ ਕਰਵਾਇਆ ਜਾਵੇ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸਿੱਖਿਆ ਕਰਜ ਦੀ ਸਹੂਲਤ ਵੀ ਬੈਂਕ ਦੇਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਮਾਹੀਆਂ ਦੌਰਾਨ ਖੇਤੀਬਾੜੀ ਸੈਕਟਰ ਵਿੱਚ ਬੈਂਕਾਂ ਵੱਲੋਂ 3377 ਕਰੋੜ ਰੁਪਏ ਦਾ ਵਿੱਤ ਮੁਹਈਆ ਕਰਵਾਇਆ ਗਿਆ ਹੈ ਜਦਕਿ ਲਘੂ ਅਤੇ ਛੋਟੇ ਉਦਯੋਗਾਂ ਨੂੰ 1317 ਕਰੋੜ ਰੁਪਏ ਦੇ ਕਰਜੇ ਵੰਡੇ ਗਏ ਹਨ। ਡਿਪਟੀ ਕਮਿਸ਼ਨਰ ਨੇ ਸਖਤੀ ਨਾਲ ਹਦਾਇਤ ਕੀਤੀ ਕਿ ਰਾਸ਼ਟਰੀ ਦਿਹਾਤੀ ਜੀਵਿਕਾ ਮਿਸ਼ਨ ਦੇ ਤਹਿਤ ਬੈਂਕਾਂ ਕੋਲ ਪ੍ਰਯੋਜਿਤ ਕੀਤੇ ਗਏ ਕੇਸਾਂ ਦਾ ਨਿਪਟਾਰਾ ਤੇਜੀ ਨਾਲ ਕੀਤਾ ਜਾਵੇ। ਇਸੇ ਤਰਾਂ ਹੀ ਉਹਨਾਂ ਨੇ ਨਬਾਰਡ ਨੂੰ ਹਦਾਇਤ ਕੀਤੀ ਕਿ ਆਰ ਸੇਟੀ ਦੀ ਕਾਰਜ ਪ੍ਰਣਾਲੀ ਦਾ ਮੁਲਾਂਕਨ ਕੀਤਾ ਜਾਵੇ ਅਤੇ ਜਿਹੜੇ ਲੋਕਾਂ ਨੇ ਆਰਸੇਟੀ ਤੋਂ ਟ੍ਰੇਨਿੰਗ ਲਈ ਹੈ ਉਹਨਾਂ ਨੂੰ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰਨ ਵਿੱਚ ਮਦਦ ਮੁਹਈਆ ਕਰਵਾਉਣ ਲਈ ਬੈਂਕ ਉਹਨਾਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਪ੍ਰਯੋਜਿਤ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਦੇ ਲਾਭਪਾਤਰੀਆਂ ਵਿੱਚੋਂ ਸ਼੍ਰੇਸ਼ਠ ਲਾਭਪਾਤਰੀਆਂ ਨਾਲ ਉਹ ਮੁਲਾਕਾਤ ਕਰਕੇ ਉਹਨਾਂ ਦੇ ਤਜਰਬੇ ਵੀ ਜਾਨਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੈਂਕ ਸਮਾਜ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਇਸ ਲਈ ਸਮੂਹ ਬੈਂਕ ਲੋਕ ਪੱਖੀ ਨਜ਼ਰੀਏ ਨਾਲ ਕੰਮ ਕਰਨ। ਉਹਨਾਂ ਨੇ ਬੈਂਕਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤ ਵੀ ਕੀਤੀ। ਬੈਠਕ ਵਿੱਚ ਐਲਡੀਐਮ ਚਮਨ ਲਾਲ ਨੇ ਜਿਲਾ ਬੈਂਕਿੰਗ ਸਲਾਹਕਾਰ ਕਮੇਟੀ ਦਾ ਏਜੰਡਾ ਪੇਸ਼ ਕੀਤਾ। ਬੈਠਕ ਵਿੱਚ ਨਬਾਰਡ ਵੱਲੋਂ ਸਾਲ 2025-26 ਲਈ ਸੰਭਾਵਿਤ ਕਰਜ ਯੋਜਨਾ ਵੀ ਜਾਰੀ ਕੀਤੀ ਗਈ। ਨਬਾਰਡ ਨੇ ਅਗਲੇ ਵਿੱਤੀ ਸਾਲ ਦੌਰਾਨ ਜਿਲ੍ਹੇ ਵਿੱਚ ਪ੍ਰਾਥਮਿਕ ਸੈਕਟਰ ਲਈ 671576 ਲੱਖ ਰੁਪਏ ਦੇ ਕਰਜ ਮੁਹਈਆ ਕਰਵਾਉਣ ਦਾ ਟੀਚਾ ਮਿਥਿਆ ਹੈ। ਇਸ ਮੌਕੇ ਐਸਪੀ ਕੰਵਲਪ੍ਰੀਤ ਸਿੰਘ ਚਹਿਲ, ਆਰਬੀਆਈ ਦੇ ਐਲ ਡੀ ਓ ਗੁਰਿੰਦਰ ਸਿੰਘ ਅਤੇ ਨਬਾਰਡ ਦੇ ਡੀਡੀਐਮ ਸਤੀਸ਼ ਕੁਮਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।