ਖੰਨਾ, 17 ਅਪ੍ਰੈਲ : ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਜਗਜੀਵਨ ਰਾਮ ਨੇ ਸਿਰਫ਼ ਇੱਕ ਸਾਲ ਵਿੱਚ 145 ਐਫ.ਆਈ.ਆਰਜ਼, ਜਿਹਨਾਂ ਵਿੱਚ ਜਿਆਦਾਤਰ ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਸ਼ਾਮਲ ਹਨ, ਦਰਜ ਕੀਤੀਆਂ ਹਨ, ਦੀ ਮੁਹਾਰਤ, ਤਜ਼ਰਬੇ ਅਤੇ ਚੌਕਸੀ ਸਦਕਾ ਉਨ੍ਹਾਂ ਦੀ ਅਗਵਾਈ ਹੇਠ ਲਗਾਏ ਗਏ ਨਾਕਿਆਂ ਤੋਂ ਨਸ਼ਾ ਤਸਕਰਾਂ ਸਮੇਤ ਕੋਈ ਵੀ ਸਮਾਜ ਵਿਰੋਧੀ ਅਨਸਰ ਭੱਜ ਨਹੀਂ ਸਕਿਆ। ਇਨ੍ਹਾਂ ਐਫ.ਆਈ.ਆਰਜ਼. ਨਾਲ 6.8 ਕਿਲੋਗ੍ਰਾਮ ਹੈਰੋਇਨ, 77.5 ਕਿਲੋ ਅਫੀਮ, 8 ਕੁਇੰਟਲ ਭੁੱਕੀ, 1.8 ਕਿਲੋ ਆਈ.ਸੀ.ਈ., 5.8 ਕਿਲੋ ਚਰਸ, 79 ਕਿਲੋ ਗਾਂਜਾ, 2.39 ਲੱਖ ਨਸ਼ੀਲੀਆਂ ਗੋਲੀਆਂ, 50 ਪਿਸਤੌਲ, 1 ਰਾਈਫਲ, 4 ਕਰੋੜ 74 ਲੱਖ ਰੁਪਏ ਦੀ ਭਾਰਤੀ ਕਰੰਸੀ, 1.39 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ, 4 ਕਿਲੋ ਸੋਨਾ ਅਤੇ 213 ਕਿਲੋ ਚਾਂਦੀ ਦੀ ਬਰਾਮਦਗੀ ਹੋਈ। ਇਸ ਦੇ ਨਾਲ ਹੀ ਖੰਨਾ ਦੇ ਪਿੰਡ ਬਾਹੋ ਮਾਜਰਾ ਵਿੱਚ ਰਾਈਸ ਸ਼ੈਲਰ ਦੀ ਇਮਾਰਤ ਵਿੱਚ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਭੱਠੀ ਦਾ ਪਰਦਾਫਾਸ਼ ਇੰਸਪੈਕਟਰ ਜਗਜੀਵਨ ਵੱਲੋਂ ਕੀਤਾ ਗਿਆ ਸੀ। ਸ੍ਰੀ ਜਗਜੀਵਨ ਦੀ ਆਪਣੀ ਡਿਊਟੀ ਪ੍ਰਤੀ ਅਸਾਧਾਰਨ ਸਮਰਪਣ ਨੂੰ ਮਾਨਤਾ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸਬ-ਇੰਸਪੈਕਟਰ ਜਗਜੀਵਨ ਰਾਮ ਨੂੰ ਇੰਸਪੈਕਟਰ ਦੇ ਸਥਾਨਕ ਰੈਂਕ ‘ਤੇ ਪਦਉੱਨਤ ਕੀਤਾ। ਡੀਜੀਪੀ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਖੰਨਾ ਅਮਨੀਤ ਕੋਂਡਲ ਵੀ ਮੌਜੂਦ ਸਨ। ਡੀਜੀਪੀ ਗੌਰਵ ਯਾਦਵ ਨੇ ਜਗਜੀਵਨ ਰਾਮ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨਵੇਂ ਤਰੱਕੀ ਪ੍ਰਾਪਤ ਇੰਸਪੈਕਟਰ ਨੂੰ ਹੋਰ ਸਖ਼ਤ ਮਿਹਨਤ ਕਰਨ ਅਤੇ ਸਮਰਪਣ, ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ ‘ਤੇ ਲਗਾਇਆ ਇਹ ਸਟਾਰ ਹੋਰ ਵੱਡੀ ਜ਼ਿੰਮੇਵਾਰੀ ਦਰਸਾਉਂਦਾ ਹੈ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਇੰਸਪੈਕਟਰ ਜਗਜੀਵਨ ਰਾਮ ਨੂੰ 80000 ਵਾਲੀ ਮਜ਼ਬੂਤ ਪੁਲਿਸ ਬਲ ਦਾ ਰੋਲ ਮਾਡਲ ਦੱਸਦਿਆਂ ਬਾਕੀ ਸਾਰੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਇਆ ਜਾ ਸਕੇ। ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਜਗਜੀਵਨ ਰਾਮ ਦੀ ਇਹ ਖੂਬੀ ਹੈ ਕਿ ਉਹ ਡਿਊਟੀ ਲਈ ਹਮੇਸ਼ਾ ਹਾਜਰ ਅਤੇ ਮੁਸਤੈਦ ਰਹਿੰਦੇ ਹਨ ਅਤੇ ਉਹਨਾਂ ਨੂੰ ਵਿਸ਼ੇਸ਼ ਨਾਕੇ ਲਗਾਉਣ ਲਈ ਕਿਸੇ ਨਿਸ਼ਚਿਤ ਸਮੇਂ ਦੀ ਲੋੜ ਨਹੀਂ ਹੁੰਦੀ। ਉਹਨਾਂ ਕਿਹਾ ਕਿ ਜਗਜੀਵਨ ਨੇ ਦੇਰ-ਸਵੇਰ ਵੀ ਪ੍ਰਵਾਹ ਕੀਤੇ ਬਿਨਾਂ ਨਾਕੇ ਲਗਾਉਂਦੇ ਹਨ ਅਤੇ ਉਹ ਸਮਾਜ ਵਿਰੋਧੀ ਤੱਤਾਂ ਨੂੰ ਉਹਨਾਂ ਦੀਆਂ ਹਰਕਤਾਂ, ਚਿਹਰੇ ਦੇ ਹਾਵ-ਭਾਵ ਅਤੇ ਸਰੀਰਕ ਗਤੀਵਿਧੀਆਂ ਤੋਂ ਭਾਂਪ ਲੈਂਦੇ ਹਨ। ਇੰਸਪੈਕਟਰ ਜਗਜੀਵਨ ਰਾਮ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਡੀਜੀਪੀ ਪੰਜਾਬ ਅਤੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਦੇਸ਼ ਦੀ ਸੇਵਾ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਜਗਜੀਵਨ 1991 ਵਿੱਚ ਪੁਲਿਸ ਬਲ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ 2013 ਵਿੱਚ ਏ.ਐਸ.ਆਈ. ਵਜੋਂ ਤਰੱਕੀ ਪ੍ਰਾਪਤ ਕੀਤੀ ਅਤੇ 2021 ਵਿੱਚ ਐਸ.ਆਈ. ਵਜੋਂ ਪਦਉਨੱਤ ਹੋਏ।