ਰਾਏਕੋਟ, 17 ਮਾਰਚ (ਚਮਕੌਰ ਸਿੰਘ ਦਿਓਲ) : ਨਗਰ ਕੌਂਸਲ ਰਾਏਕੋਟ ਵਲੋਂ ਸਥਾਨਕ ਸ਼ਹਿਰ ਦੇ ਟਿਊਬਵੈੱਲ ਨੰਬਰ 1 ਦੇ ਨੇੜੇ ਉਸਾਰੀਆਂ ਗਈਆਂ 14 ਦੁਕਾਨਾਂ ਨੂੰ ਕਿਰਾਏ ’ਤੇ ਦੇਣ ਸਬੰਧੀ ਕੌਂਸਲ ਵਲੋਂ ਰੱਖੀ ਗਈ ਬੋਲੀ ਵਿੱਚ ਕਿਰਾਏ ’ਤੇ ਦੁਕਾਨਾਂ ਲੈਣ ਦੇ ਚਾਹਵਾਨ ਵਿਅਕਤੀਆਂ ਨੂੰ ਉਸ ਸਮੇਂ ਨਿਰਾਸ਼ ਵਾਪਸ ਮੁੜਨਾ ਪਿਆ, ਜਦ ਐਨ ਮੌਕੇ ’ਤੇ ਕੌਂਸਲ ਅਧਿਕਾਰੀਆਂ ਵਲੋਂ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੋਲੀ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ। ਬੋਲੀ ਰੱਦ ਹੋਣ ਕਾਰਨ ਲੋਕਾਂ ਵਿੱਚ ਭਾਰੀ ਨਿਰਾਸ਼ਾ ਅਤੇ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ। ਜਿਕਰਯੋਗ ਹੈ ਕਿ ਨਗਰ ਕੌਂਸਲ ਰਾਏਕੋਟ ਵਲੋਂ ਸਥਾਨਕ ਸ਼ਹਿਰ ਦੇ ਮੁਹੱਲਾ ਵਾਲਮੀਕਿ ਨੇੜੇ ਪਈ ਕੌਂਸਲ ਦੀ ਜਮੀਨ ’ਤੇ 14 ਦੁਕਾਨਾਂ ਦੀ ਉਸਾਰੀ ਕਰਵਾਈ ਗਈ ਸੀ, ਜਿੰਨ੍ਹਾਂ ਨੂੰ ਕਿਰਾਏ ’ਤੇ ਦੇਣ ਲਈ ਕੌਂਸਲ ਵਲੋਂ ਅੱਜ 17 ਮਾਰਚ ਦੀ ਮਿਤੀ ਤੈਅ ਕਰਕੇ ਇਸ ਲਈ ਸ਼ਹਿਰ ਵਿੱਚ ਕਾਫੀ ਪ੍ਰਚਾਰ ਵੀ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਉਕਤ ਦੁਕਾਨਾਂ ਨੂੰ ਕਿਰਾਏ ’ਤੇ ਲੈਣ ਲਈ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਸੀ। ਉਕਤ ਦੁਕਾਨਾਂ ਦੀ ਬੋਲੀ ਦੇਣ ਲਈ ਅੱਜ 19 ਚਾਹਵਾਨ ਵਿਅਕਤੀਆਂ ਵਲੋਂ ਬੋਲੀ ਦੀਆਂ ਸ਼ਰਤਾਂ ਮੁਤਾਬਕ ਰਿਜ਼ਰਵ ਫੀਸ (ਪੰਜਾਹ ਹਾਜ਼ਾਰ ਰੁਪਏ ਪ੍ਰਤੀ ਦੁਕਾਨ) ਨਗਰ ਕੌਂਸਲ ਅਧਿਕਾਰੀਆਂ ਵਲੋਂ ਮੌਕੇ ’ਤੇ ਜਮਾਂ ਵੀ ਕਰਵਾ ਲਈ ਗਈ ਸੀ। ਪ੍ਰੰਤੂ ਜਦ ਬੋਲੀ ਸ਼ੁਰੂ ਕਰਨ ਦੀ ਕਾਰਵਾਈ ਸ਼ੁਰੂ ਹੋਣ ਵਾਲੀ ਸੀ ਤਾਂ ਅਚਾਨਕ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਵਲੋਂ ਮੀਟਿੰਗ ਹਾਲ ਵਿੱਚ ਆ ਕੇ ਬੋਲੀ ਨੂੰ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰਨ ਦਾ ਐਲਾਨ ਕਰ ਦਿੱਤਾ। ਜਿਸ ਨੂੰ ਲੈ ਕੇ ਬੋਲੀ ਦੇਣ ਆਏ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਉਨ੍ਹਾਂ ਦੀ ਕੌਂਸਲ ਅਧਿਕਾਰੀਆਂ ਨਾਲ ਕਾਫੀ ਬਹਿਸਬਾਜੀ ਵੀ ਕੀਤੀ ਗਈ। ਬੇਸ਼ੱਕ ਕੌਂਸਲ ਅਧਿਕਾਰੀਆਂ ਵਲੋਂ ਬੋਲੀ ਰੱਦ ਕਰਨ ਦਾ ਪ੍ਰਸ਼ਾਸਨਿਕ ਕਾਰਨ ਦੱਸਿਆ ਜਾ ਰਿਹਾ ਹੈ, ਪ੍ਰੰਤੂ ਸ਼ਹਿਰਵਾਸੀਆਂ ਵਿੱਚ ਇਸ ਬੋਲੀ ਦੇ ਰੱਦ ਹੋਣ ਦਾ ਕਾਰਨ ਕੌਂਸਲ ਅਧਿਕਾਰੀਆਂ ’ਤੇ ਸਿਆਸੀ ਦਬਾਅ ਹੋਣ ਦੀ ਚਰਚਾ ਪਾਈ ਜਾ ਰਹੀ ਹੈ।