- ਸੈਸ਼ਨ ਦੌਰਾਨ ਕੈਂਸਰ ਰਾਹਤ ਯੋਜਨਾਂ ਦੀਆਂ ਬੇਲੋੜੀਆਂ ਸ਼ਰਤਾਂ ਨੂੰ ਖ਼ਤਮ ਕਰਨ ਦੀ ਕੀਤੀ ਮੰਗ
ਮੁੱਲਾਂਪੁਰ ਦਾਖਾ, 09 ਮਾਰਚ (ਮਨਪ੍ਰੀਤ) : ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੇ ਦੌਰਾਨ ਅਕਾਲੀ ਬਸਪਾ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਅੰਦਰ ਵੱਡੀ ਗਿਣਤੀ ਕੈਂਸਰ ਪੀੜਤਾਂ ਦੀਆਂ ਮੁਸ਼ਕਲਾਂ ਦਾ ਮੁੱਦਾ ਉਠਾਉਂਦੇ ਹੋਏ ਸੂਬਾ ਸਰਕਾਰ ਦੀ ਕੈਂਸਰ ਰਾਹਤ ਯੋਜਨਾ ਵਿੱਚ ਮਰੀਜ਼ ਦੀ ਸਰਜਰੀ ਤੋਂ ਬਾਅਦ 6 ਮਹੀਨੇ ਤੱਕ ਦੀਆਂ ਦਵਾਈਆਂ ਦਾ ਖ਼ਰਚ ਵੀ ਸ਼ਾਮਿਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੈਂਸਰ ਦੇ ਬੇਹੱਦ ਮਹਿੰਗੇ ਇਲਾਜ ਕਾਰਨ ਪੀੜਤ ਲੋਕ ਇਸ ਨਾਮੁਰਾਦ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਅਸਮਰਥ ਹਨ, ਬੇਸ਼ੱਕ ਸਰਕਾਰ ਵੱਲੋਂ ਕੈਂਸਰ ਪੀੜਤਾਂ ਲਈ ਕੈਂਸਰ ਰਾਹਤ ਯੋਜਨਾ ਚਲਾਈ ਜਾ ਰਹੀ ਹੈ, ਪ੍ਰੰਤੂ ਇਸ ਯੋਜਨਾ ਦਾ ਲਾਭ ਵੀ ਹਰ ਪੀੜਤ ਤੱਕ ਨਹੀ ਪਹੁੰਚ ਰਿਹਾ ਕਿਉਂਕਿ ਇਸ ਰਾਹਤ ਯੋਜਨਾ ਦਾ ਲਾਭ ਲੈਣ ਲਈ ਕਾਫੀ ਬੇਲੋੜੀਆਂ ਸ਼ਰਤਾਂ ਲਗਾਈਆ ਗਈਆ ਹਨ, ਜਿਨ੍ਹਾਂ ਨੂੰ ਪੂਰਾ ਕਰ ਪਾਉਣਾ ਪੀੜਤ ਪਰਿਵਾਰਾਂ ਲਈ ਕਾਫੀ ਮੁਸ਼ਕਿਲ ਹੈ, ਜਿਸ ਕਾਰਨ ਇਹ ਰਾਹਤ ਯੋਜਨਾ ਪੀੜਤ ਲੋਕਾਂ ਲਈ ਕਿਸੇ ਵੀ ਪ੍ਰਕਾਰ ਰਾਹਤ ਨਹੀ ਦੇ ਪਾ ਰਹੀ ਹੈ। ਵਿਧਾਇਕ ਇਆਲੀ ਨੇ ਕਿਹਾ ਕਿ ਸਰਕਾਰ ਨੂੰ ਕੈਂਸਰ ਰਾਹਤ ਯੋਜਨਾ ਵੱਲ ਧਿਆਨ ਦਿੰਦੇ ਹੋਏ ਬੇਲੋੜੀਆਂ ਸ਼ਰਤਾਂ ਨੂੰ ਖ਼ਤਮ ਕਰਨ ਦੀ ਮੰਗ ਕਰਨ ਦੇ ਨਾਲ ਸਰਜਰੀ ਹੋਣ ਉਪਰੰਤ 6 ਮਹੀਨੇ ਦੀਆਂ ਦਵਾਈਆਂ ਦਾ ਲਾਭ ਵੀ ਦੇਣ ਦੀ ਮੰਗ ਕੀਤੀ ਗਈ ਤਾਂ ਜੋ ਇਸ ਯੋਜਨਾ ਦਾ ਪੀੜਤ ਮਰੀਜ਼ ਆਸਾਨੀ ਨਾਲ ਲਾਭ ਪ੍ਰਾਪਤ ਕਰ ਸਕਣ। ਵਿਧਾਇਕ ਇਆਲੀ ਨੇ ਕਿਹਾ ਕਿ ਸਰਕਾਰ ਨੂੰ ਕੈਂਸਰ ਪੀੜਤਾਂ ਦੀ ਬਾਹ ਫੜਦੇ ਹੋਏ ਪਹਿਲ ਦੇ ਅਧਾਰ ਤੇ ਇਸ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ, ਤਾ ਜੋ ਪੀੜਤ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਹ ਸਰਕਾਰ ਦੀ ਰਾਹਤ ਯੋਜਨਾ ਦਾ ਲਾਭ ਲੈ ਸਕਣ।