ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ “ਮੁਰਗੀ ਪਾਲਣ”ਵਿਸ਼ੇ ਤੇ ਇੱਕ ਹਫ਼ਤੇ ਦਾ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਫਤਹਿਗੜ੍ਹ ਸਾਹਿਬ, 20 ਜੂਨ 2024 : ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੀ ਦੇਖ-ਰੇਖ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਫਤਹਿਗੜ੍ਹ ਸਾਹਿਬ ਵਿਖੇ "ਮੁਰਗੀ ਪਾਲਣ" ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਲਗਾਇਆ ਗਿਆ, ਜਿਸ ਵਿੱਚ 16 ਮੁੁਰਗੀ ਪਾਲਕਾਂ ਨੇ ਭਾਗ ਲਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਜੀ. ਪੀ. ਐਸ. ਸੇਠੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਮੁਰਗੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਮੁਰਗੀਆਂ ਦੀ ਨਸਲਾਂ ਬਾਰੇ, ਅੰਡਿਆਂ ਵਿੱਚੋਂ ਚੂਚੇ ਕੱਢਣ, ਚੂਚਿਆਂ ਦਾ ਪਾਲਣ-ਪੋਸ਼ਣ, ਮੁਰਗੀਆਂ ਦੀ ਸਾਂਭ ਸੰਭਾਲ, ਨਵੇ ਸ਼ੈਡਾਂ ਦੀ ਉਸਾਰੀ ਅਤੇ ਸਾਜੋ-ਸਮਾਨ, ਖੁਰਾਕ ਤਿਆਰ ਕਰਨ, ਮੰਡੀਕਰਨ ਅਤੇ ਮੁਰਗੀਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਆਦਿ, ਸ਼ਾਮਿਲ ਸੀ। ਇਸ ਮੌਕੇ ਡਾ. ਮਨੀਸ਼ਾ ਭਾਟਿਆ, ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪੌਸ਼ਟਿਕ ਮਹਤੱਤਾ ਅਤੇ ਅਪਣੀ ਖੁਰਾਕ ਵਿੱਚ ਅੰਡਾ ਅਤੇ ਮੀਟ ਨੂੰ ਸ਼ਾਮਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਕੋਰਸ ਦੌਰਾਨ ਸਿਖੀਆਰਥੀਆਂ ਨੂੰ ਅਗਾਂਵਾਧੂ ਕਿਸਾਨ ਦੇ ਮੁਰਗੀ ਫਾਰਮ ਤੇ ਵੀ ਦੌਰਾ ਕਰਵਾਇਆ ਗਿਆ ਜਿਸ ਵਿਚ ਅਗਾਂਵਾਧੂ ਕਿਸਾਨ ਨੇ ਆਪਣਾ ਤਜਰਬਾ ਸਾਰੀਆਂ ਨਾਲ ਸਾਂਝਾ ਕੀਤਾ। ਸਿਖਲਾਈ ਦੇ ਅੰਤ ਵਿੱਚ ਸਿਖੀਆਰਥੀਆਂ ਨਾਲ ਰੂਬਰੂ ਹੁੰਦਿਆਂ, ਡਾ. ਵਿਪਨ ਕੁਮਾਰ ਰਾਮਪਾਲ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਸਾਰੇ ਸਿਖੀਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਦਿੱਤੀ ਅਤੇ ਇਸ ਸਿਖਲਾਈ ਨੂੰ ਵਧੀਆ ਸਫਲ ਬਣਾਉਣ ਲਈ ਆਪਣਾ ਕੀਮਤੀ ਸਮਾਂ ਬਤੀਤ ਕਰਨ ਲਈ ਸਮੂਹ ਸਿਖੀਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਸਿਖੀਆਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਅਤੇ ਸਹਾਇਕ ਧੰਦੇ ਅਪਣਾਕੇ ਵਧੇਰਾ ਮੁਨਾਫਾ ਪ੍ਰਾਪਤ ਕਰਨ ਲਈ ਕਿਹਾ।