ਹਲਵਾਰਾ ਹਵਾਈ ਅੱਡੇ 'ਤੇ ਸਿਵਲ ਕੰਮ ਮੁਕੰਮਲ - ਡਿਪਟੀ ਕਮਿਸ਼ਨਰ

  • ਮੁੱਖ ਭਾਈਵਾਲਾਂ ਨਾਲ ਕੀਤੀ ਤਾਲਮੇਲ ਮੀਟਿੰਗ

ਲੁਧਿਆਣਾ, 12 ਜੂਨ :  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਲਵਾਰਾ ਵਿਖੇ ਬਣਨ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਿਵਲ ਕੰਮ ਮੁਕੰਮਲ ਕਰ ਲਿਆ ਗਿਆ ਹੈ। ਵੱਖ-ਵੱਖ ਵਿਭਾਗਾਂ, ਜਿਸ ਵਿੱਚ ਲੋਕ ਨਿਰਮਾਣ ਵਿਭਾਗ, ਜਨ ਸਿਹਤ, ਪੰਚਾਇਤਾਂ ਅਤੇ ਪੇਂਡੂ ਵਿਕਾਸ ਅਤੇ ਏ.ਏ.ਆਈ., ਆਈ.ਏ.ਐਫ. ਸ਼ਾਮਲ ਸਨ ਦੇ ਨਾਲ ਆਪਣੇ ਦਫਤਰ ਵਿਖੇ ਤਾਲਮੇਲ ਮੀਟਿੰਗ ਕਰਦਿਆਂ, ਡਿਪਟੀ ਕਮਿਸ਼ਨਰ ਸਾਹਨੀ ਨੇ ਠੇਕੇਦਾਰ ਕੰਪਨੀ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਵਿਸਥਾਰ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਅੰਦਰੂਨੀ ਸੜਕਾਂ, ਏਪਰਨ, ਪਬਲਿਕ ਹੈਲਥ ਸੇਵਾਵਾਂ, ਕੈਂਪਸ ਲਾਈਟਿੰਗ, ਟਰਮੀਨਲ ਬਿਲਡਿੰਗ, ਸਬ ਸਟੇਸ਼ਨ, ਟਾਇਲਟ ਬਲਾਕ, ਪਾਰਕਿੰਗ ਆਦਿ ਦੇ ਕੰਮ ਲਗਭਗ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਕੈਂਪਸ ਵਿੱਚ ਰਨਵੇਅ ਅਤੇ ਟੈਕਸੀਵੇਅ ਦਾ ਕੰਮ ਹੁਣ ਲੰਬਿਤ ਹੈ ਜੋ ਜੁਲਾਈ ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਵੀ ਕਿਹਾ ਕਿ ਉਹ ਬਾਕੀ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਨੂੰ ਤਰਜੀਹ ਦੇਣ। ਹਲਵਾਰਾ ਹਵਾਈ ਅੱਡੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕ ਅਭਿਲਾਸ਼ੀ ਪ੍ਰੋਜੈਕਟ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਵਾਈ ਅੱਡੇ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡਾ ਉਦਯੋਗਿਕ ਵਿਕਾਸ, ਨਿਰਯਾਤ, ਰੁਜ਼ਗਾਰ, ਰੀਅਲ ਅਸਟੇਟ ਵਰਗੀਆਂ ਹੋਰ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗਾ।