ਸਿਹਤ ਵਿਭਾਗ ਵੱਲੋਂ ਗਰਮ ਲੂ ਤੋਂ ਬਚਾਅ ਲਈ ਕੀਤਾ ਜਾ ਰਿਹੈ ਜਾਗਰੂਕ, ਸਿਵਲ ਸਰਜਨ ਬਰਨਾਲਾ

  • ਸੁਚੇਤ ਰਹੋ ਗਰਮੀ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰੋ, ਸਿਵਲ ਸਰਜਨ ਬਰਨਾਲਾ

ਬਰਨਾਲਾ, 19 ਜੂਨ 2024 : ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਜਾਰੀ ਸਾਵਧਾਨੀਆਂ ਦਾ ਪਾਲਣ ਕਰਕੇ ਗਰਮ ਲੂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਨੂੰ ਗਰਮ ਲੂ ਲੱਗਣ ਤੋਂ ਬਚਾਅ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਗਰਮੀ ਅਤੇ ਤਾਪਮਾਨ ਵਿੱਚ ਰੋਜ਼ਾਨਾ ਹੋ ਰਹੇ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਾਇਆ ਜਾ ਸਕੇ। ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਸਰੀਰ ਦੇ ਤਾਪਮਾਨ ਵਧਣ ਕਾਰਨ ਸਰੀਰਿਕ ਪ੍ਰਣਾਲੀ ਵਿਗੜ ਜਾਂਦੀ ਹੈ ਅਤੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀ, ਮਜ਼ਦੂਰੀ ਕਰਨ ਵਾਲੇ ਅਤੇ ਉਹ ਲੋਕ ਜੋ ਕਿ ਸਰੀਰਕ ਤੌਰ ‘ਤੇ ਬੀਮਾਰ ਹਨ, ਖ਼ਾਸ ਕਰ ਦਿਲ ਦੀ ਬੀਮਾਰੀ ਜਾਂ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਉਨ੍ਹਾਂ ਨੂੰ ਲੂ ਲੱਗਣ ਦਾ ਵਧੇਰੇ ਜੋਖਮ ਹੁੰਦਾ ਹੈ। ਇਸ ਦੌਰਾਨ ਸਾਨੂੰ ਆਪਣੇ ਖਾਣ-ਪੀਣ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਅਤੇ ਮੌਸਮੀ ਫ਼ਲ ਜਿਵੇਂ ਖਰਬੂਜ਼ਾ, ਤਰਬੂਜ਼, ਅੰਗੂਰ, ਲੀਚੀ, ਖੀਰਾ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਵਧੇਰੇ ਮਾਤਰਾ ਹੁੰਦੀ ਹੈ। ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਸ਼ਿਵਾਨੀ ਅਰੋੜਾ ਬਲਾਕ ਐਕ੍ਸਟੈਂਸ਼ਨ ਐਜੂਕੇਟਰ ਨੇ ਲੂ ਤੋਂ ਬਚਾਅ ਸਬੰਧੀ ਦੱਸਿਆ ਕਿ ਜੇਕਰ ਸੰਭਵ ਹੋਵੇ ਤਾਂ ਬਾਹਰਲੇ ਕੰਮ ਸਵੇਰੇ ਅਤੇ ਸ਼ਾਮ ਨੂੰ ਹੀ ਕੀਤੇ ਜਾਣ, ਧੁੱਪ ਵਿੱਚ ਖਾਸ ਕਰ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਾ ਜਾਇਆ ਜਾਵੇ, ਜੇਕਰ ਜਾਣਾ ਜ਼ਿਆਦਾ ਜ਼ਰੂਰੀ ਹੋਵੇ ਤਾਂ ਪਾਣੀ ਨਾਲ ਲੈ ਕੇ ਜ਼ਰੂਰ ਜਾਓ ਅਤੇ ਥੋੜ੍ਹੇ- ਥੋਡ਼੍ਹੇ ਵਕਫ਼ੇ ਬਾਅਦ ਪਾਣੀ ਜ਼ਰੂਰ ਪੀਓ। ਧੁੱਪ ਤੋਂ ਬਚਾਅ ਲਈ ਛੱਤਰੀ, ਟੋਪੀ, ਕਾਲੀਆਂ ਐਨਕਾਂ ਅਤੇ ਤੌਲੀਏ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਹਲਕੇ ਰੰਗ ਦੇ ਸੂਤੀ ਅਤੇ ਢਿੱਲੇ ਕੱਪੜੇ ਪਾਏ ਜਾਣ। ਚਾਹ, ਕੈਫੀ, ਤਲੀਆਂ ਹੋਈਆਂ ਚੀਜ਼ਾਂ ਅਤੇ ਤੰਬਾਕੂ ਪਦਾਰਥਾਂ ਆਦਿ ਤੋਂ ਗੁਰੇਜ਼ ਕੀਤਾ ਜਾਵੇ। ਗੁਰਮੇਲ ਸਿੰਘ ਢਿੱਲੋਂ, ਸੁਰਿੰਦਰ ਸਿੰਘ ਸਿਹਤ ਸੁਪਰਵਾਇਜਰ ਨੇ ਦੱਸਿਆ ਕਿ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ, ਬਹੁਤ ਤੇਜ਼ ਸਿਰ ਦਰਦ, ਬੇਚੈਨੀ, ਚੱਕਰ ਆਉਣਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ ਆਦਿ ਲੂ ਲੱਗਣ ਦੇ ਲੱਛਣ ਹੋਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ‘ਤੇ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।