ਫ਼ਤਹਿਗੜ੍ਹ ਸਾਹਿਬ, 22 ਨਵੰਬਰ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਨਵੀਂਆਂ ਵੋਟਾਂ ਬਣਾਉਣ, ਵੋਟ ਵਿੱਚ ਕਿਸੇ ਕਿਸਮ ਦੀ ਕੋਈ ਸੋਧ ਕਰਨ, ਪੁਰਾਣੀਆਂ ਵੋਟਾਂ ਕਟਵਾਉਣ ਦੇ ਮੰਤਵ ਨਾਲ 23 ਨਵੰਬਰ (ਸ਼ਨੀਵਾਰ) ਅਤੇ 24 ਨਵੰਬਰ (ਐਤਵਾਰ) ਨੂੰ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਲਈ ਬੂਥ ਪੱਧਰ 'ਤੇ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਸਮੂਹ ਬੀ.ਐਲ.ਓਜ਼ ਆਪੋ ਆਪਣੇ ਪੋਲਿੰਗ ਬੂਥਾਂ 'ਤੇ ਬੈਠ ਕੇ ਫਾਰਮ ਪ੍ਰਾਪਤ ਕਰਨਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਨੌਜਵਾਨਾਂ ਦੀ ਉਮਰ 01-01-2025 ਨੂੰ 18 ਸਾਲ ਹੋਣ ਵਾਲੀ ਹੈ ਜਾਂ 18 ਸਾਲ ਉਮਰ ਹੋ ਚੁੱਕੀ ਹੈ, ਉਹ ਇਨ੍ਹਾਂ ਕੈਂਪਾਂ ਵਿੱਚ ਭਾਗ ਲੈ ਕੇ ਨਵੇਂ ਵੋਟਰ ਵਜੋਂ ਆਪਣੀ ਰਜਿਸਟਰੇਸ਼ਨ ਕਰਵਾ ਕੇ ਆਪਣੀ ਨਵੀਂ ਵੋਟ ਬਣਵਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵੋਟਰ ਨੇ ਆਪਣੀ ਵੋਟ ਇੱਕ ਥਾਂ ਤੋਂ ਦੂਜੀ ਥਾਂ 'ਤੇ ਸ਼ਿਫਤ ਕਰਵਾਉਣੀ ਹੋਵੇ ਜਾਂ ਕੋਈ ਸੋਧ ਕਰਵਾਉਣੀ ਹੋਵੇ ਤਾਂ ਕਿਸੇ ਵੋਟਰ ਦੀ ਮੌਤ ਹੋਣ ਕਾਰਨ ਵੋਟ ਕਟਵਾਉਣੀ ਹੋਵੇ ਤਾਂ 23 ਤੇ 24 ਨਵੰਬਰ ਨੂੰ ਆਪਣੇ ਪੋਲਿੰਗ ਬੂਥਾਂ 'ਤੇ ਬੀ.ਐਲ.ਓ. ਨੂੰ ਫਾਰਮ ਭਰ ਕੇ ਦੇ ਸਕਦੇ ਹਨ।