- ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਲਾਏ ਜਾਣਗੇ ਵੱਡੀ ਗਿਣਤੀ ਸਜਾਵਟੀ ਪੌਦੇ
- ਪੌਦਿਆਂ ਵਾਲਾ ਵਾਹਨ ਸਕੂਲਾਂ ਲਈ ਕੀਤਾ ਰਵਾਨਾ
ਬਰਨਾਲਾ, 28 ਜੁਲਾਈ : ਜ਼ਿਲ੍ਹਾ ਬਰਨਾਲਾ ਵਿੱਚ ਹਰਿਆਵਲ ਵਧਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਦੀਪ ਸਿੰਘ ਬਾਠ ਨੇ ਸਾਂਝੇ ਤੌਰ ’ਤੇ ਕੀਤਾ। ਸਿੱਖਿਆ ਵਿਭਾਗ ਰਾਹੀਂ ਵਿੱਢੀ ਇਸ ਮੁਹਿੰਮ ਦਾ ਆਗਾਜ਼ ਆਈਟੀਆਈ ਚੌਕ ਤੋਂ ਪੌਦੇ ਲਗਾ ਕੇ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਵਾਤਾਵਰਣ ਪੱਖੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਸਿੱਖਿਆ ਵਿਭਾਗ ਰਾਹੀਂ ਬਰਨਾਲਾ ਸ਼ਹਿਰ ਦੇ ਦਾਖਲਾ ਪੁਆਇੰਟਾਂ ’ਤੇ ਸਜਾਵਟੀ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਐਂਟਰੀ ਥਾਵਾਂ ’ਤੇ 600 ਦੇ ਕਰੀਬ ਸਜਾਵਟੀ ਪੌਦੇ ਲਾਏ ਜਾਣਗੇ। ਇਸ ਮੌਕੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਾਣੀ ਸੰਭਾਲ ਲਈ ਜਿੱਥੇ ਵਾਟਰ ਰੀਚਾਰਜ ਪਿਟਸ ਅਤੇ ਨਰਸਰੀਆਂ ’ਤੇ ਕੰਮ ਕੀਤਾ ਜਾ ਰਿਹਾ ਹੈ, ਉਥੇ ਇਸ ਸੀਜ਼ਨ ਦੌਰਾਨ ਵੀ ਵੱਡੀ ਗਿਣਤੀ ਪੌਦੇ ਲਾਏ ਜਾਣਗੇ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਰਕਾਰੀ ਸਕੂਲਾਂ ਅਤੇ ਪਿੰਡਾਂ ਦੀਆਂ ਹੋਰ ਥਾਵਾਂ ’ਤੇ ਲਾਉਣ ਲਈ ਪੌਦਿਆਂ ਵਾਲੇ ਵਾਹਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ, ਐਮ ਸੀ ਰੁਪਿੰਦਰ ਸ਼ੀਤਲ ਬੰਟੀ, ਐਮ ਸੀ ਮਲਕੀਤ ਸਿੰਘ, ਐਮ ਸੀ ਭੋਲਾ ਸਿੰਘ, ਐਮ ਸੀ ਜਗਰਾਜ ਸਿੰਘ, ਐਮ ਸੀ ਧਰਮਿੰਦਰ ਸਿੰਘ ਸ਼ੈਂਟੀ ਤੇ ਹੋਰ ਪਤਵੰਤੇ ਅਤੇ ਸਿੱਖਿਆ ਵਿਭਾਗ ਦਾ ਸਟਾਫ਼ ਮੌਜੂਦ ਸੀ।