ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਸੁਖਜੀਤ ਨਮਿਤ ਅੰਤਿਮ ਅਰਦਾਸ 21ਫਰਵਰੀ ਨੂੰ

ਲੁਧਿਆਣਾ, 20 ਫਰਵਰੀ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕਾਰਜਕਾਰਨੀ ਮੈਂਬਰ ਤੇ ਪਿਛਲੇ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ ਮਾਛੀਵਾੜਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 21ਫਰਵਰੀ ਦੁਪਹਿਰ 12ਵਜੇ ਤੋਂ ਇੱਕ ਵਜੇ ਦਰਮਿਆਨ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ) ਵਿਖੇ ਹੋਵੇਗੀ। ਸੁਖਜੀਤ ਦੇ ਨਿਕਟਵਰਤੀ ਮਿੱਤਰਾਂ ਗੁਰਮੀਤ ਸਿੰਘ ਕਾਹਲੋਂ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸਿਮਰਜੀਤ ਸਿੰਘ ਕੰਗ ਨੇ ਸੁਖਜੀਤ ਵੱਲੋਂ ਮਾਛੀਵਾੜਾ ਸਾਹਿਬ ਨੂੰ ਦਿੱਤੀਆਂ ਦੋ ਸੇਵਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਨਾਲ ਮਿਲ ਕੇ ਪੰਦਰਾਂ ਸਾਲ ਪਹਿਲਾਂ ਦੋ ਏਕੜ ਰਕਬੇ ਵਿੱਚ ਮਾਛੀਵਾੜੇ ਦਾ ਜੰਗਲ ਮੁੜ ਵਿਕਸਤ ਕੀਤਾ। ਰਾਜਿਸਥਾਨ ਵਿੱਚੋਂ ਜੰਡ ਕਰੀਰ ਤੇ ਹੋਰ ਰਵਾਇਤੀ ਰਿੱਖ ਲਿਆ ਕੇ ਲੁਆਏ ਤੇ ਸਟਾਫ਼ ਦੀ ਮਦਦ ਨਾਲ ਉਨ੍ਹਾਂ ਦੀ ਪਾਲਣਾ ਕੀਤੀ। ਉਸ ਵੱਲੋਂ ਮਾਛੀਵਾੜਾ ਸਾਹਿਬ ਵਿੱਚ ਲੋਕਾ ਦੇ ਉਤਸ਼ਾਹ ਤੇ ਸਾਥ ਨਾਲ ਸ਼ਬਦ ਲਾਇਬਰੇਰੀ ਦੀ ਸਥਾਪਨਾ ਕੀਤੀ ਅਤੇ ਆਪਣੇ ਘਰੋਂ ਮੁੱਲਵਾਨ ਪੁਸਤਕਾ ਦਾ ਵੱਡਾ ਜਖ਼ੀਰਾ ਇਸ ਲਾਇਬਰੇਰੀ ਲਈ ਅਰਪਣ ਕੀਤਾ। ਉੱਘੇ ਲੇਖਕਾਂ ਬਲਵਿੰਦਰ ਗਰੇਵਾਲ, ਰਘਬੀਰ ਸਿੰਘ ਭਰਤ, ਦਲਜੀਤ ਸ਼ਾਹੀ, ਨਰਿੰਦਰ ਸ਼ਰਮਾ ਤੇ ਗੁਰਭੇਜ ਸਿੰਘ ਗੋਰਾਇਆ ਨੇ ਵੀ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਯਾਲਪੁਰਾ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਲਾਇਬਰੇਰੀ ਦਾ ਨਾਮਕਰਨ ਸੁਖਜੀਤ ਸ਼ਬਦ ਲਾਇਬਰੇਰੀ ਕਰ ਦਿੱਤਾ ਜਾਵੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵੀ ਵਿਧਾਇਕ ਸ. ਦਯਾਲਪੁਰਾ ਨਾਲ ਵਿਚਾਰ ਕਰਕੇ ਇਸ ਮੰਗ ਨਾਲ ਸਹਿਮਤੀ ਪ੍ਰਗਟਾਈ ਹੈ। ਵਿਧਾਇਕ ਸ. ਜਗਤਾਰ ਸਿੰਘ ਦਯਾਲਪੁਰਾ ਨੇ ਇਸ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੇ ਸਰਕਾਰੀ ਨੇਮ ਆਗਿਆ ਦੇਣਗੇ ਤਾਂ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਕੇ ਉੱਘੇ ਲੇਖਕ ਤੇ ਰੰਗਲੇ ਸੱਜਣ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ। ਉਨ੍ਹਾਂ ਸੁਖਜੀਤ ਦੀ ਪਤਨੀ ਗੁਰਦੀਪ ਕੌਰ, ਪੁੱਤਰੀ ਪ੍ਰੋ. ਜਪੁਜੀ ਕੌਰ, ਭਰਾਵਾਂ ਬਲਵਿੰਦਰ ਸਿੰਘ ਰਾਏ ਤੇ ਊਧਮ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸੁਖਜੀਤ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ 12ਵਜੇ ਤੋਂ ਇੱਕ ਵਜੇ ਤੀਕ ਪਹੁੰਚਣ ਲਈ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ. ਸ਼ਯਾਮ ਸੁੰਦਰ ਦੀਪਤੀ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਅਹੁਦੇਦਾਰਾ ਤੇ ਕਾਰਜਕਾਰਨੀ ਮੈਂਬਰਾਂ ਨੇ ਸਭ ਲੇਖਕਾਂ ਤੇ ਸਾਹਿੱਤ ਪ੍ਰੇਮੀਆਂ ਨੂੰ ਮਾਛੀਵਾੜਾ ਸਾਹਿਬ ਪੁੱਜਣ ਦੀ ਬੇਨਤੀ ਕੀਤੀ ਹੈ।