ਅਨੰਦਪੁਰ ਸਾਹਿਬ, 09 ਮਾਰਚ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਹੋਲੇ ਮਹੱਲੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘ ਸਰੂਪ ਵਿਚ ਭਾਈ ਪਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਨੂੰ ਕੁੱਝ ਫਿਰਕੂ ਲੋਕਾਂ ਵੱਲੋਂ ਹਮਲਾ ਕਰ ਕੇ ਮਾਰ ਮਕਾਉਣ ਦੀ ਦੁਖਦਾਇਕ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਨ੍ਹਾਂ ਪੁਲਿਸ ਕਮਿਸ਼ਨਰ ਅਨੰਦਪੁਰ ਸਾਹਿਬ ਨੂੰ ਫੋਨ ਕਰਕੇ ਇਸ ਘਟਨਾ ਨਾਲ ਜੁੜੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ। ਨਿਹੰਗ ਮੁਖੀ ਸਾਹਿਬਾਨਾਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੇ ਸਾਬਤ ਕਰ ਦਿਤਾ ਹੈ ਕਿ ਇਹ ਗੁਰੂ ਦੇ ਸਿੱਖ ਨਹੀਂ ਬਲਕਿ ਦੋਖੀ ਹਨ, ਇਨ੍ਹਾਂ ਨੂੰ ਢੁਕਵੀ ਸਜ਼ਾ ਮਿਲਣੀ ਚਾਹੀਦੀ ਹੈ। ਸਮੂਹ ਨਿਹੰਗ ਸਿੰਘਾਂ ਨੇ ਭਾਈ ਪਰਦੀਪ ਸਿੰਘ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਅਸਹਿ ਦੁਖ ਵਿਚ ਸਮੂਲੀਅਤ ਜਾਹਰ ਕੀਤੀ ਹੈ। ਇਹ ਘਟਨਾ ਦਾ ਬਿਰਤਾਂਤ ਅਸਹਿ ਹੈ। ਹੁਲੜਬਾਜ਼ੀ ਵਿਚ ਨੌਜਵਾਨ ਤੇ ਮਾਰੂ ਹਮਲਾ ਕਰਕੇ ਉਸ ਨੂੰ ਜਾਨੋ ਮਾਰ ਮੁਕਾ ਦੇਣਾ ਸਮੁਚੇ ਸਿੱਖ ਜਗਤ ਲਈ ਦੁਖਦਾਇਕ ਹੈ।