ਅਜੌਕੇ ਸਮੇਂ ਵਿੱਚ ਤੰਦਰੁਸਤ ਰਹਿਣ ਵਾਸਤੇ ਯੋਗ ਉਤਮ ਸਾਧਨ : ਵਧੀਕ ਡਿਪਟੀ ਕਮਿਸ਼ਨਰ

  • ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਆਯੂਸ਼ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ਵ ਯੋਗ ਦਿਵਸ ਮੌਕੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ 

ਫ਼ਤਹਿਗੜ੍ਹ ਸਾਹਿਬ, 21 ਜੂਨ 2024 : ਅੱਜ ਦੀ ਇਸ ਭੱਜ ਦੌੜ ਦੀ ਜਿੰਦਗੀ ਵਿੱਚ ਇਨਸਾਨ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਵਾਸਤੇ ਜਿਆਦਾ ਸਮਾਂ ਨਹੀਂ ਮਿਲਦਾ ਜਿਸ ਕਾਰਨ ਇਨਸਾਨ ਸਰੀਰਕ ਤੇ ਮਾਨਸਿਕ ਤੌਰ ਤੇ ਚਿੰਤਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਯੋਗ ਇੱਕ ਅਜਿਹੀ ਵਿਧੀ ਹੈ ਜੋ ਕਿ ਤੰਦਰੁਸਤ ਰਹਿਣ ਦਾ ਇੱਕ ਉਤਮ ਸਾਧਨ ਹੈ, ਇਸ ਲਈ ਹਰੇਕ ਇਨਸਾਨ ਨੂੰ ਰੋਜ਼ਾਨਾਂ ਯੋਗ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਇਸ਼ਾ ਸਿੰਗਲ ਨੇ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਕੀਤਾ।ਉਹਨਾਂ ਆਖਿਆ ਕਿ ਯੋਗ ਨੂੰ ਹਰ ਉਮਰ ਦਾ ਵਿਅਕਤੀ ਸਹਿਜੇ ਹੀ ਆਪਣੇ ਜੀਵਨ ਦਾ ਹਿੱਸਾ ਬਣਾ ਸਕਦਾ ਹੈ। ਉਹਨਾਂ ਕਿਹਾ ਕਿ ਯੋਗ ਲਈ ਰੋਜਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਨਾਅ ਭਰੀ ਜਿੰਦਗੀ ਵਿੱਚ ਪੂਰੀ ਤਰਾਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਸੀ.ਐਮ. ਦੀ ਯੋਗਸ਼ਾਲਾ ਨਾ ਹੇਠ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਯੋਗ ਦੇ ਮਾਹਰ ਟਰੇਨਰਾਂ ਵੱਲੋਂ ਯੋਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਓਹਨਾ ਕਿਹਾ ਕਿ ਜ਼ਿਲ੍ਹੇ ਵਿੱਚ 109 ਵੱਖ-ਵੱਖ ਥਾਵਾਂ 'ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਯੋਗਾ ਕਲਾਸਾਂ ਨਾਲ 2800 ਤੋਂ ਵੱਧ ਜ਼ਿਲ੍ਹਾ ਨਿਵਾਸੀ ਲਾਭ ਉਠਾ ਰਹੇ ਹਨ। ਇਸ ਕੈਂਪ ਵਿੱਚ ਜ਼ਿਲ੍ਹਾ ਭਰ ਤੋਂ ਖੇਡਾਂ ਨਾਲ ਜੁੜੇ ਹੋਏ ਖਿਡਾਰੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਓਹਨਾ ਦੱਸਿਆ ਕੇ ਇਸਦੇ ਨਾਲ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ, ਬੱਸੀ ਪਠਾਣਾ, ਸਰਹਿੰਦ, ਖਮਾਣੋਂ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।  ਵਧੀਕ ਡਿਪਟੀ ਕਮਿਸ਼ਨਰ ਨੇ  ਕਿਹਾ “ਸਾਡੇ ਕੋਲ ਇੱਕ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ। ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ / ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਸ ਮੌਕੇ ਚੈਅਰਮੈਨ ਮਾਰਕਿਟ ਕਮੇਟੀ ਅਮਲੋਹ ਸ਼੍ਰੀਮਤੀ ਸੁਖਵਿੰਦਰ ਕੌਰ ਗਹਿਲੋਤ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜੋਰਾ ਸਿੰਘ, ਤਹਿਸੀਲਦਾਰ ਯੀਸ਼ੂ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸ਼ਹਿਰੀ ਪਤਵੰਤਿਆਂ ਨੇ ਵੀ ਯੋਗ ਅਪਣਾ ਕੇ ਸਿਹਤਮੰਦ ਰਹਿਣ ਦਾ ਪ੍ਰਣ ਲਿਆ।