ਬਠਿੰਡਾ ਪੁਲਿਸ ਨੇ 79 ਕਿੱਲੋ 990 ਗਰਾਮ ਭੁੱਕੀ ਸਮੇਤ ਦੋ ਨੂੰ ਕੀਤਾ ਕਾਬੂ

ਬਠਿੰਡਾ, 11 ਸਤੰਬਰ 2024 : ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡੀ.ਐਸ.ਪੀ (ਇੰਨਵੈ:) ਬਠਿੰਡਾ ਰਾਜੇਸ਼ ਸ਼ਰਮਾ ਪੀ.ਪੀ.ਐਸ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ-1 ਦੇ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 79 ਕਿਲੋ 990 ਗਰਾਮ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਦੋ ਵੱਖ ਵਧਖ ਕਾਰਾਂ ਵੀ ਕਬਜੇ ’ਚ ਲਈਆਂ ਹਨ। ਮੁਲਜਮਾਂ ਦੀ ਪਛਾਣ ਜਰਨੈਲ ਸਿੰਘ ਪੁੱਤਰ ਮੋਹਣਾ ਸਿੰਘ ਵਾਸੀ ਪਿੰਡ ਰਾਮਣਵਾਸ ਜਿਲ੍ਹਾ ਬਠਿੰਡਾ ਅਤੇ ਨਰਦੇਵ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਗਾਂਧੀ ਨਗਰ ਗਲੀ ਨੰਬਰ 12 ਰਾਮਪੁਰਾ ਵਜੋਂ ਕੀਤੀ ਗਈ ਹੈ। ਬਠਿੰਡਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ  ਪੁਲਿਸ ਨੂੰ ਇਸ ਮੌਕੇ ਦੋ ਨੌਜਵਾਨ ਦੋ ਕਾਰਾਂ ਚੋਂ ਗੱਟਿਆਂ ਦੀ ਪਲਟਾ ਪਲਟਾਈ ਕਰਦੇ ਦਿਖਾਈ ਦਿੱਤੇ। ਪੁਲਿਸ ਨੇ ਸ਼ੱਕ ਦੇ ਅਧਾਰ ਤੇ ਗੱਡੀਆਂ ਨੂੰ ਘੇਰਾ ਪਾਕੇ ਦੇਖਿਆ ਤਾਂ ਕਾਰਾਂ ’ਚ ਭੁੱਕੀ ਖਿੱਲਰੀ ਦਿਖਾਈ ਦਿੱਤੀ। ਪੁਲਿਸ ਨੇ ਇਸ ਮੌਕੇ  4 ਗੱਟੇ ਭੁੱਕੀ ਦੇ ਬਰਾਮਦ ਕੀਤੇ ਜਿਨ੍ਹਾਂ ਦਾ ਵਜ਼ਨ 79 ਕਿਲੋ 990 ਗ੍ਰਾਮ ਸੀ। ਇਹ ਭੁੱਕੀ ਚੂਰਾ ਪੋਸਤ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਅੱਗੇ ਦੇਣਾ ਸੀ ਇਸ ਬਾਰੇ ਪਤਾ ਕੀਤਾ ਜਾ ਰਿਹਾ ਹੈ। ਮੁਲਜਮਾਂ  ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।