ਫ਼ਤਹਿਗੜ੍ਹ ਸਾਹਿਬ, 20 ਜੁਲਾਈ :ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਖੀ ਵਨ ਸਟਾਪ ਸੈਂਟਰ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੀਨਾ ਭਗਤ ਦੀ ਅਗਵਾਈ ਹੇਠ ਪਿੰਡ ਪੀਰਜੈਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਪਿੰਡ ਕੋਟਲਾ ਫਾਜ਼ਲ ਵਿਖੇ ਵੂਮੈਨ ਸੈੱਲ ਦੀ ਪੁਲਿਸ ਫੈਸਲੀਟੇਸ਼ਨ ਅਫਸਰ ਸਬ ਇੰਸਪੈਕਟਰ ਰਮਨਦੀਪ ਕੌਰ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਏ ਗਏ ਜਿਸ ਵਿੱਚ ਔਰਤਾਂ ਨੂੰ ਸਖੀ ਵਨ ਸਟਾਪ ਸੈਂਟਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਅਧੀਨ ਕਿਸੇ ਵੀ ਤਰ੍ਹਾਂ ਦੀ ਹਿੰਸਾ, ਜਿਵੇਂ ਕਿ ਘਰੇਲੂ ਹਿੰਸਾ, ਤੇਜਾਬੀ ਹਮਲਾ, ਬਲਾਤਕਾਰ, ਗੈਰ-ਮਨੁੱਖੀ ਤਸਕਰੀ, ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠਾਂ ਸੇਵਾਵਾਂ, ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਅਤੇ ਪੀੜਤ ਮਹਿਲਾ (ਸਮੇਤ ਬੇਟੀ ਕਿਸੇ ਵੀ ਉਮਰ ਦੀ ਅਤੇ ਬੇਟਾ 8 ਸਾਲ ਤੱਕ) ਨੂੰ ਅਸਥਾਈ ਆਸਰਾ ਵੱਧ ਤੋਂ ਵੱਧ 5 ਦਿਨਾਂ ਲਈ, ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਸੈਂਟਰ ਸਕੀਮ ਜਾਰੀ ਕੀਤੀ ਗਈ ਹੈ। ਇਸ ਮੌਕੇ ਐੱਸ.ਆਈ. ਰਮਨਦੀਪ ਕੌਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨੀ ਅਧਿਕਾਰਾਂ ਜਿਵੇਂ ਕਿ ਜਿਨਸੀ ਸੋਸ਼ਣ ਐਕਟ, ਘਰੇਲੂ ਹਿੰਸਾ ਐਕਟ ਆਦਿ ਪ੍ਰਤੀ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਵਲੋਂ ਐਮਰਜੈਂਸੀ ਹੈਲਪ ਲਾਇਨ ਨੰਬਰ 181, 112 ਜਾਂ 1091 ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਨੰਬਰਾਂ ਤੇ ਔਰਤਾਂ ਤੇ ਹੋ ਰਹੀ ਹਿੰਸਾ ਸਬੰਧੀ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਨਿਰਮਲ ਕੌਰ, ਕੇਸ ਵਰਕਰ ਵੱਲੋਂ ਦੱਸਿਆ ਗਿਆ ਕਿ ਇਹ ਸੈਂਟਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਇਹ ਸੈਂਟਰ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿਚ ਸਾਹਮਣੇ ਐਂਮਰਜੈਂਸੀ ਬਿਲਡਿੰਗ ਵਿਖੇ ਖੋਲ੍ਹਿਆ ਗਿਆ ਹੈ ਔਰਤਾਂ ਦੀ ਸਹਾਇਤਾ ਲਈ ਸੈਂਟਰ ਨਾਲ ਸੰਪਰਕ ਕਰਨ ਲਈ ਟੈਲੀਫੋਨ ਨੰ. 01763-233054, 9988100-415, 9569030645, 7710758976 ਵੀ ਮੁਹੱਈਆ ਕਰਵਾਏ ਗਏ।