- ਸੋਮਵਾਰ ਨੂੰ 700 ਤੋਂ ਵਧੇਰੇ ਵਿਅਕਤੀਆਂ ਨੂੰ ਬਾਰਸ਼ੀ ਪਾਣੀ ਚੋਂ ਸੁਰੱਖਿਅਤ ਥਾਂ ਪਹੁੰਚਾਇਆ ਗਿਆ
- ਘਗੱਰ ’ਚੋਂ ਨਿਕਲਦੇ ਪੀਰ ਮੁਛੱਲਾ ਸੂਏ ਤੋਂ ਦਰਪੇਸ਼ ਖਤਰੇ ਨੂੰ ਸਮੇਂ ਸਿਰ ਜੇ ਸੀ ਬੀ ਦੀ ਮੱਦਦ ਨਾਲ ਦੂਰ ਕੀਤਾ ਗਿਆ*
- ਕਮਿਊਨਿਟੀ ਸੈਂਟਰਾਂ ਨੂੰ ਰਾਹਤ ਕੈਂਪਾਂ ਵਿੱਚ ਬਦਲਿਆ ਜਾਵੇਗਾ
- ਸ਼ਿਵਾਲਿਕ ਵਿਹਾਰ ’ਚੋਂ ਪਾਣੀ ਦੀ ਨਿਕਾਸੀ ਕਰਵਾਈ ਗਈ*
ਜ਼ੀਰਕਪੁਰ, 10 ਜੁਲਾਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਬਰਸਾਤੀ ਪਾਣੀ ਦੀ ਲਪੇਟ ਵਿੱਚ ਆਏ ਲੋਕਾਂ ਅਤੇ ਕਲੋਨੀਆਂ ਨੂੰ ਤੁਰੰਤ ਮੱਦਦ ਦੇਣ ਦੀਆਂ ਹਦਾਇਤਾਂ ਦੇ ਚਲਦਿਆਂ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਅੱਜ ਜਿੱਥੇ ਵੱਖ-ਵੱਖ ਥਾਂਵਾਂ ਤੋਂ 700 ਤੋਂ ਵਧੇਰੇ ਲੋਕਾਂ ਨੂੰ ਬਾਰਸ਼ੀ ਪਾਣੀ ਤੋਂ ਸੁਰੱਖਿਅਤ ਕੱਢਿਆ ਗਿਆ ਉੱਥੇ ਬਾਰਸ਼ਾਂ ਦੇ ਚਲਦਿਆਂ 3000 ਦੇ ਕਰੀਬ ਲੋੜਵੰਦ ਲੋਕਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਅਨੁਸਾਰ ਜਿੱਥੇ ਸ਼ਿਵਾਲਿਕ ਵਿਹਾਰ ਦੇ ਲੋਕਾਂ ਵੱਲੋਂ ਪਾਣੀ ਭਰਨ ਕਾਰਨ ਕੀਤੀ ਗਈ ਮੱਦਦ ਦੀ ਮੰਗ ’ਤੇ ਤੁਰੰਤ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਵਾਏ ਗਏ ਉੱਥੇ ਸ਼ਿਵਾਲਿਕ ਵਿਹਾਰ, ਸਵਾਸਤਿਕ ਵਿਹਾਰ, ਬਲਟਾਣਾ ਦੀ ਝੁੱਗੀਆਂ, ਵਾਰਡ ਨੰ. ਇੱਕ ਹਰ ਮਿਲਾਪ ਨਗਰ ਅਤੇ ਪਟਿਆਲਾ ਰੋਡ ਤੋਂ ਏ ਕੇ ਐਸ ਕਲੋਨੀ ’ਚ ਪਾਣੀ ਭਰਨ ਕਾਰਨ ਫ਼ਸੇ ਵਿਅਕਤੀਆਂ ਨੂੰ ਬਚਾ ਕੇ ਸੁਰੱਖਿਅਤ ਥਾਂ ਵੀ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਢਕੋਲੀ ਵਿਖੇ ਨਗਰ ਕੌਂਸਲ ਵੱਲੋਂ ਰਾਹਤ ਕੇਂਦਰ ਸਥਾਪਿਤ ਕਰ ਦਿੱਤਾ ਗਿਆ ਅਤੇ ਆਪਣੇ 6 ਦੇ 6 ਕਮਿਊਨਿਟੀ ਸੈਂਟਰਾਂ ਨੂੰ ਨਗਰ ਕੌਂਸਲ ਵੱਲੋਂ ਰਾਹਤ ਕੇਂਦਰਾਂ ਵਜੋਂ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀਰ ਮੁਛੱਲਾ ਸੂਆ ਜੋ ਕਿ ਘੱਗਰ ਤੋਂ ਨਿਕਲਦਾ ਹੈ, ਕਾਰਨ ਸ਼ਹਿਰ ਦੇ ਇੱਕ ਪਾਸੇ ਬਣੀ ਪਾਣੀ ਦੀ ਸਮੱਸਿਆ ਨੂੰ ਜੇ ਸੀ ਬੀ ਦੀ ਮੱਦਦ ਨਾਲ ਹੱਲ ਕੀਤਾ ਗਿਆ, ਜਿਸ ਨਾਲ ਸ਼ਹਿਰ ਦਾ ਇੱਕ ਇਲਾਕਾ ਇਸ ਦੀ ਮਾਰ ਤੋਂ ਬਚਾਇਆ ਗਿਆ।