- 5 ਰੇਪਿਡ ਰਿਸਪਾਂਸ ਟੀਮਾਂ ਪਸੂਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕਰ ਰਹੀਆਂ ਕੰਮ : ਡਿਪਟੀ ਡਾਇਰੈਕਟਰ
- ਡਿਪਟੀ ਡਾਇਰੈਕਟਰ ਨੇ ਲੋਕਾਂ ਨੂੰ ਪਸੂਆਂ ਲਈ ਵੱਧ ਤੋਂ ਵੱਧ ਦਾਨ ਕਰਨ ਦੀ ਕੀਤੀ ਅਪੀਲ
ਮੋਗਾ 15 ਜੁਲਾਈ : ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸੂ ਪਾਲਣ ਵਿਭਾਗ ਮੋਗਾ ਹੜਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਪਸੂਧਨ ਦੀ ਰਖਵਾਲੀ ਅਤੇ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਰਹਿ ਰਿਹਾ ਹੈ।ਜ਼ਿਲਾ ਮੋਗਾ ਵਿੱਚ ਹੜਾਂ ਕਾਰਨ ਦਰਿਆ ਦੇ ਲਾਗਲੇ ਪਿੰਡਾਂ ਵਿੱਚ ਲਗਭਗ 3000 ਪਸੂ ਪ੍ਰਭਾਵਿਤ ਹੋਏ ਹਨ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਹੜ ਪ੍ਰਭਾਵਿਤ ਪਿੰਡਾਂ ਦੇ ਪਸੂਆਂ ਨੂੰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਵਜੋਂ 5 ਰੇਪਿਡ ਰਿਸਪਾਂਸ ਟੀਮਾਂ ਗਠਿਤ ਕੀਤੀਆਂ ਹਨ ਜਿਹੜੀਆਂ ਪਸੂਆਂ ਦੇ ਇਲਾਜ ਅਤੇ ਸਰਕਾਰ ਵੱਲੋਂ ਪ੍ਰਾਪਤ ਫੀਡ ਦੀ ਵੰਡ ਸਮੇਂ ਸਿਰ ਕਰ ਰਹੀਆਂ ਹਨ। ਹੁਣ ਤੱਕ ਸਵਾ ਦੋ ਸੌ ਕੁਇੰਟਲ ਸਰਕਾਰੀ ਫੀਡ ਦੀ ਵੰਡ ਪਸੂਆਂ ਵਿੱਚ ਕੀਤੀ ਜਾ ਚੁੱਕੀ ਹੈ ਅਤੇ ਅੱਗੇ ਵੀ ਨਿਰੰਤਰ ਜਾਰੀ ਹੈ। ਓਹਨਾ ਦੱਸਿਆ ਕਿ ਸਰਕਾਰੀ ਫੀਡ ਤੋਂ ਇਲਾਵਾ 500 ਕੁਇੰਟਲ ਹਰਾ ਚਾਰਾ ਅਤੇ ਫੀਡ ਦਾਨ ਵਜੋਂ ਇਕੱਤਰ ਕਰਕੇ ਪਸੂਆਂ ਨੂੰ ਪਾਈ ਜਾ ਚੁੱਕੀ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਰਕਾਰ ਪਾਸੋਂ ਹੁਣ ਤੱਕ ਹੜ ਪ੍ਰਭਾਵਿਤ ਪਸੂਆਂ ਦੇ ਇਲਾਜ ਅਤੇ ਦਵਾਈਆਂ ਲਈ 1 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ, ਜਿਸ ਸਦਕਾ ਪਸੂਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜ਼ਿਲਾ ਮੋਗਾ ਵਿੱਚ ਬਰਸਾਤੀ ਸੀਜਨ ਸੁਰੂ ਹੋਣ ਤੋਂ ਪਹਿਲਾਂ ਹੀ ਪਸੂਆਂ ਦੇ ਗਲ ਘੋਟੂ ਅਤੇ ਪੱਟ ਸੋਜਾ ਦੀ ਸੌ ਫੀਸਦੀ ਵੈਕਸੀਨ ਮੁਕੰਮਲ ਕੀਤੀ ਜਾ ਚੁੱਕੀ ਸੀ ਜਿਸ ਕਰਕੇ ਹੜਾਂ ਤੋਂ ਪਸੂਆਂ ਦੀ ਬਹੁਤੀ ਗਿਣਤੀ ਪ੍ਰਭਾਵਿਤ ਨਹੀਂ ਹੋਈ। ਹਰਵੀਨ ਕੌਰ ਨੇ ਜ਼ਿਲਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਹੜਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਪਸੂਆਂ ਲਈ ਵੱਧ ਤੋਂ ਵੱਧ ਤੂੜੀ, ਪੱਠੇ, ਫੀਡ ਆਦਿ ਦੀ ਸੇਵਾ ਕਰਨ ਤਾਂ ਕਿ ਇਥੋਂ ਦੇ ਪਸੂਧਨ ਦੀ ਸਹੀ ਅਰਥਾਂ ਵਿੱਚ ਰੱਖਿਆ ਹੋ ਸਕੇ।