- ਐਸ.ਏ.ਐਸ.ਨਗਰ ਵਿੱਚ ਐਤਵਾਰ ਨੂੰ ਸਕੂਲਾਂ ਚੋਂ ਪਾਣੀ ਕੱਢਣ ਤੇ ਸਫ਼ਾਈ, ਰਿਹਾਇਸ਼ੀ ਖੇਤਰਾਂ ਦੀ ਫੋਗਿੰਗ ਅਤੇ ਜਲ ਸਪਲਾਈ ਕੁਨੈਕਸ਼ਨਾਂ ਦੀ ਸੈਂਪਲਿੰਗ ਰਹੀਆਂ ਪ੍ਰਮੁੱਖ ਗਤੀਵਿਧੀਆਂ
ਐਸ.ਏ.ਐਸ.ਨਗਰ, 16 ਜੁਲਾਈ : ਡੀ ਸੀ ਮੋਹਾਲੀ ਆਸ਼ਿਕਾ ਜੈਨ ਨੇ ਐਤਵਾਰ ਨੂੰ ਕਿਹਾ ਕਿ ਭਾਵੇਂ ਹੁਣ, ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ 'ਤੇ ਸਥਾਪਿਤ ਕੀਤੇ ਗਏ ਹੜ੍ਹ ਕੰਟਰੋਲ ਰੂਮਾਂ 'ਤੇ ਮੱਦਦ ਦੀਆਂ ਕਾਲਾਂ ਵਾਰ ਵਾਰ ਘੰਟੀ ਨਹੀਂ ਵੱਜਦੀ, ਪਰ ਅਸੀਂ ਹੜ੍ਹਾਂ ਕਰਨ ਪੈਦਾ ਹੋਈ ਸਥਿਤੀ ਨੂੰ ਪਹਿਲਾਂ ਵਾਂਗ ਆਮ ਕਰਨ ਲਈ ਆਪਣਾ ਫਰਜ਼ ਪੁਰਜ਼ੋਰ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਹਾਲੇ ਆਰਾਮ ਦੀ ਸਥਿਤੀ ਵਿੱਚ ਨਹੀਂ ਆਏ, ਕਿਉਂ ਕਿ ਹਾਲੇ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜੋ ਅਸੀਂ ਜ਼ਿਲ੍ਹਾ ਵਾਸੀਆਂ ਦੀਆਂ ਹੜ੍ਹਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੂਰੀਆਂ ਕਰਨੀਆਂ ਹਨ, ਜਿਵੇਂ ਕਿ ਸੜਕਾਂ ਦਾ ਸੰਪਰਕ ਜੋੜਨਾ, ਉਨ੍ਹਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣਾ, ਉਨ੍ਹਾਂ ਦੇ ਪਸ਼ੂਆਂ ਨੂੰ ਮੌਸਮੀ ਬਿਮਾਰੀਆਂ ਹਾਈਪੋਥਰਮੀਆ ਅਤੇ ਔਫ ਫੀਡ ਤੋਂ ਬਚਾਉਣਾ ਆਦਿ। ਡੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਅੱਜ ਐਤਵਾਰ ਨੂੰ, ਸੋਮਵਾਰ ਤੋਂ ਵਿਦਿਆਰਥੀਆਂ ਦੇ ਸਵਾਗਤ ਲਈ, ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਕਾਰਜਸ਼ੀਲ ਬਣਾਉਣ ਲਈ ਹੋਰ ਵੀ ਤਨਦੇਹੀ ਨਾਲ ਕੰਮ ਕੀਤਾ। ਏ.ਡੀ.ਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਦੀ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸਿਖਿਆ ਵਿਭਾਗ ਨਾਲ ਰਲ ਕੇ ਸਕੂਲਾਂ ਦੀ ਚਾਰਦੀਵਾਰੀ ਵਿੱਚੋਂ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਲਈ ਸਰਗਰਮ ਰਿਹਾ ਤਾਂ ਜੋ ਭਲਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਵਿੱਚ ਡੇਰਾਬੱਸੀ ਦੇ ਪਿੰਡ ਬਹੇੜਾ ਦੇ ਸਕੂਲ ਵਿਖੇ ਪਾਣੀ ਦੀ ਨਿਕਾਸੀ ਲਈ ਜੇ.ਸੀ.ਬੀ. ਮਸ਼ੀਨ ਦੀ ਮੱਦਦ ਨਾਲ ਰਹਿ ਬਣਾਉਣਾ ਅਤੇ ਪਾਈਪ ਪਾਉਣਾ ਵੀ ਸ਼ਾਮਿਲ ਸੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਦੀ ਦੇਖ-ਰੇਖ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੱਲੋਂ ਅੱਜ ਰੁੜਕਾ, ਬਾਕਰਪੁਰ, ਕੁਰਾੜੀ, ਕੰਬਾਲਾ, ਸੋਹਾਣਾ, ਬਲੌਂਗੀ ਅਤੇ ਬੱਡਮਾਜਰਾ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਮੌਕੇ 'ਤੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਮੋਬਾਈਲ ਵਾਟਰ ਟੈਸਟਿੰਗ ਲੈਬ ਵੀ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਜਲ ਸਪਲਾਈ ਸਕੀਮਾਂ ਨੂੰ ਵੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਜਲ ਸਪਲਾਈ ਸਕੀਮਾਂ 'ਤੇ ਬਕਾਇਦਾ ਕਲੋਰੀਨੇਸ਼ਨ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਲੌਂਗੀ ਦੀ ਪਾਣੀ ਦੀ ਸਪਲਾਈ, ਡਾਇਰੀਆ ਦੀ ਸਮੱਸਿਆ ਦੇ ਮੱਦੇਨਜ਼ਰ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ। ਡੇਂਗੂ ਅਤੇ ਹੋਰ ਮੌਸਮੀ ਵੈਕਟਰ ਬੋਰਨ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਨਗਰ ਨਿਗਮ ਮੁਹਾਲੀ ਅਤੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਆਪਣੇ ਕਾਰਜ ਖੇਤਰਾਂ ਵਿੱਚ ਫੋਗਿੰਗ ਕਰਵਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਨਗਰ ਕੌਂਸਲਾਂ ਵੱਲੋਂ ਵੀ ਲਗਾਤਾਰ ਫੌਗਿੰਗ ਤੋਂ ਇਲਾਵਾ ਮੱਛਰਾਂ ਦੇ ਲਾਰਵੇ ਨੂੰ ਰੋਕਣ ਲਈ ਖੜ੍ਹੇ ਪਾਣੀ ਵਿੱਚ ਕੈਮੀਕਲ ਪਾ ਕੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ, ਖਾਸ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੌਸਮੀ ਬਿਮਾਰੀਆਂ ਅਤੇ ਪ੍ਰਕੋਪ ਤੋਂ ਬਚਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪਸ਼ੂ ਪਾਲਣ ਵਿਭਾਗ ਪਸ਼ੂਆਂ ਨੂੰ ਹੜ੍ਹ ਤੋਂ ਬਾਅਦ ਹੋਣ ਵਾਲੀਆਂ ਆਮ ਬਿਮਾਰੀਆਂ ਜਿਵੇਂ ਕਿ ਹਾਈਪੋਥਰਮੀਆ (ਸਰੀਰ ਦਾ ਤਾਪਮਾਨ ਘਟਣ) ਅਤੇ ਔਫ਼ ਫੀਡ (ਭੁੱਖ ਘਟਣ) ਤੋਂ ਬਚਾਉਣ ਲਈ ਫੀਲਡ ਵਿੱਚ ਕੰਮ ਕਰ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਪਸ਼ੂ ਪਲਕਾਂ ਨੂੰ ਵੀ ਪਸ਼ੂਆਂ ਚ ਸਰੀਰ ਦਾ ਤਾਪਮਾਨ ਘਟਣ ਅਤੇ ਭੁੱਖ ਘਟਣ ਦੇ ਲੱਛਣਾਂ ਦੀ ਨਿਯਮਤ ਜਾਂਚ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਜੋ ਸਭ ਤੋਂ ਮਹੱਤਵਪੂਰਨ ਕੰਮ ਆਰੰਭ ਕੀਤਾ ਹੈ, ਉਹ ਹੈ ਟਿਵਾਣਾ ਪਿੰਡ ਵਿਖੇ ਘੱਗਰ ਪਾੜ ਨੂੰ ਪੂਰਨਾ। ਉਨ੍ਹਾਂ ਅੱਗੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਡੇਰਾਬੱਸੀ ਹਿਮਾਂਸ਼ੂ ਗੁਪਤਾ ਅਤੇ ਮਾਲ ਅਧਿਕਾਰੀ ਕੁਲਦੀਪ ਸਿੰਘ ਢਿੱਲੋਂ ਅਤੇ ਹਰਿੰਦਰਜੀਤ ਸਿੰਘ, ਬੀ ਡੀ ਪੀ ਓ ਰਵਨੀਤ ਕੌਰ ਅਤੇ ਕਾਰਜਕਾਰੀ ਇੰਜੀਨੀਅਰ ਡਰੇਨੇਜ ਰਜਤ ਗਰੋਵਰ ਪਾੜ ਨੂੰ ਦੂਰ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ। ਡੀ ਸੀ ਨੇ ਹਾਂ ਪੱਖੀ ਰਵੱਈਏ ਨਾਲ ਆਸ ਪ੍ਰਗਟਾਈ ਕਿ ਜ਼ਿਲ੍ਹੇ ਵਿੱਚ ਅਗਲੇ ਹਫਤੇ ਤੱਕ ਮੁਰੰਮਤ ਅਤੇ ਪਹਿਲਾਂ ਜਿਹੀ ਸਥਿਤੀ ਦੀ ਬਹਾਲੀ ਨੂੰ ਮੁਕੰਮਲ ਕਰ ਲਿਆ ਜਾਵੇਗਾ।