ਆਮ ਆਦਮੀ ਕਲੀਨਿਕ ਬਣੇ ਲੋਕਾਂ ਲਈ ਵਰਦਾਨ, ਜ਼ਿਲ੍ਹੇ ’ਚ ਹੁਣ ਤਕ 04,58,530 ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲਿਆ

  • 63,024 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ
  • ਜ਼ਿਲ੍ਹੇ ’ਚ ਇਸ ਵੇਲੇ 20 ਆਮ ਆਦਮੀ ਕਲੀਨਿਕ ਕਾਰਜਸ਼ੀਲ

ਫ਼ਤਹਿਗੜ੍ਹ ਸਾਹਿਬ, 25 ਜੁਲਾਈ 2024 : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਨੇੜੇ ਮੁਫ਼ਤ ਸਿਹਤ ਸੰਭਾਲ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਥਾਪਿਤ ਕੀਤੇ ਗਏ ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜ਼ਿਲ੍ਹੇ ’ਚ ਹੁਣ ਤੱਕ 04,58,530 ਮਰੀਜ਼ਾਂ ਨੇ ਇਨ੍ਹਾਂ ਕਲੀਨਿਕਾਂ ਤੋਂ ਆਪਣਾ ਮੁਫ਼ਤ ਇਲਾਜ ਕਰਵਾ ਕੇ ਲਾਭ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਇਸ ਮੌਕੇ 20 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿਥੋਂ ਹੁਣ ਤਕ 63,024 ਮਰੀਜ਼ਾਂ ਦੇ ਲੈਬ ਟੈਸਟ ਵੀ ਮੁਫ਼ਤ ਕੀਤੇ ਗਏ ਹਨ। ਜ਼ਿਲ੍ਹੇ ’ਚ ਆਮ ਆਦਮੀ ਕਲੀਨਿਕਾਂ ਤੋਂ ਜਨਵਰੀ 2024 ਤੋਂ ਹੁਣ ਤੱਕ 01,85,727 ਮਰੀਜ਼ ਮੁਫ਼ਤ ਇਲਾਜ ਕਰਵਾ ਚੁੱਕੇ ਹਨ ਜਦਕਿ 18901 ਨੂੰ ਮੁਫ਼ਤ ਕਲੀਨੀਕਲ ਟੈਸਟਾਂ ਦੀ ਸੁਵਿਧਾ ਦਾ ਲਾਭ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਵਿੱਚ ਆਮ ਆਦਮੀ ਕਲੀਨਿਕ ਦਲੀਪ ਨਗਰ ਮੰਡੀ ਗੋਬਿੰਦਗੜ੍ਹ, ਆਮ ਆਦਮੀ ਕਲੀਨਿਕ ਸੋਨਾ ਕਾਸਟਿੰਗ ਮੰਡੀ ਗੋਬਿੰਦਗੜ੍ਹ, ਆਮ ਆਦਮੀ ਕਲੀਨਿਕ ਛਲੇੜੀ ਖੁਰਦ, ਸੰਘੋਲ, ਨਬੀਪੁਰ, ਸੰਗਤਪੁਰ ਸੋਢੀਆਂ, ਮਾਲੋਵਾਲ, ਬਾੜਾ, ਭਮਾਰਸੀ, ਸਰਹਿੰਦ, ਨੰਦਪੁਰ ਕਲੌੜ, ਨੌਗਾਵਾਂ, ਭਗੜਾਣਾ, ਲਾਡਪੁਰ, ਤਲਾਣੀਆਂ, ਬਲਾੜੀ ਕਲਾਂ, ਮੂਲੇਪੁਰ, ਨਾਨੋਵਾਲ, ਭੜੀ ਅਤੇ ਅਮਲੋਹ ਸ਼ਾਮਲ ਹਨ। ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਸਿਹਤ ਜਾਂਚ ਦਾ ਵੱਡਾ ਫ਼ਾਇਦਾ ਇਹ ਵੀ ਹੈ ਲੋਕਾਂ ਨੂੰ ਕਿਸੇ ਕਿਸਮ ਦੀ ਗੰਭੀਰ ਬਿਮਾਰੀ ਦੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਜਾਂ ਜ਼ਿਲ੍ਹਾ ਹਸਪਤਾਲ ਅਗਲੇਰੀ ਜਾਂਚ ਲਈ ਰੈਫ਼ਰ ਕੀਤਾ ਜਾਂਦਾ ਹੈ ਤਾਂ ਜੋ ਬਿਮਾਰੀ ਨੂੰ ਅੱਗੇ ਵਧਣ ਤੋਂ ਪਹਿਲੇ ਪੜਾਅ ’ਤੇ ਹੀ ਰੋਕਿਆ ਜਾ ਸਕੇ। ਆਮ ਆਦਮੀ ਕਲੀਨਿਕਾਂ ਵਿਖੇ ਦਵਾਈਆਂ ਉਪਲਬਧ ਕਰਵਾਉਣ ਤੋਂ ਇਲਾਵਾ ਐਚ.ਬੀ., ਬਲੱਡ ਸ਼ੂਗਰ, ਬਲੱਡ ਗਰੁੱਪ, ਐਚ. ਆਈ.ਵੀ., ਐਚ.ਸੀ.ਵੀ. (ਕਾਲਾ ਪੀਲੀਆ), ਐਚ.ਬੀ.ਐਸ.ਏ.ਜੀ (ਜਿਗਰ ਦੀਆਂ ਬਿਮਾਰੀਆਂ ਨਾਲ ਸਬੰਧਤ), ਵੀ.ਡੀ.ਆਰ.ਐਲ (ਗਰਭ ਦੌਰਾਨ ਜਾਂਚ), ਪਿਸ਼ਾਬ ਰਾਹੀਂ ਸ਼ੂਗਰ ਦੀ ਜਾਂਚ, ਪਿਸ਼ਾਬ ਰਾਹੀਂ ਅਲਬੁਮੇਨ ਦੀ (ਪੀਲੀਆ) ਜਾਂਚ,  ਖੂਨ ਰਾਹੀਂ ਮਲੇਰੀਆ ਦੀ ਜਾਂਚ ਆਦਿ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਇਹਨਾਂ ਕਲੀਨਿਕਾਂ ਸਬੰਧੀ ਤਸੱਲੀ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ ਆਮ ਬਿਮਾਰੀਆਂ ਦੀ ਜਾਂਚ ਅਤੇ ਕਲੀਨਿਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਆਮ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।