- ਚੋਣ ਪ੍ਰਕਿਰਿਆ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਅਧਿਕਾਰੀਆਂ ਨਾਲ ਮੀਟਿੰਗ
ਤਰਨ ਤਾਰਨ, 06 ਮਾਰਚ : ਅਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਕਿਰਪਾਲ ਵੀਰ ਸਿੰਘ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਸਚਿਨ ਪਾਠਕ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਹਰਜਿੰਦਰ ਸਿੰਘ ਸੰਧੂ ਅਤੇ ਚੋਣ ਤਹਿਸੀਲਦਾਰ ਸ੍ਰੀ ਸੁਸ਼ੀਲ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਨੋਡਲ ਅਫ਼ਸਰ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਅਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਮੇਂ-ਸਿਰ ਮੁਕੰਮਲ ਕਰਨੀਆਂ ਯਕੀਨੀ ਬਣਾਈਆਂ ਜਾਣ ਅਤੇ ਤਿਆਰੀਆਂ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ।ਉਹਨਾਂ ਸਮੂਹ ਨੋਡਲ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਅਮਲ ਨੂੰ ਨਿਰਵਿਘਨ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵੱਖ-ਵੱਖ ਸੈੱਲ ਸਮੇਂ ਸਿਰ ਸਥਾਪਿਤ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣਾਂ ਦੌਰਾਨ ਸਥਾਪਿਤ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਟੀਮਾਂ ਜਿਵੇਂ ਕਿ ਅਕਾਊਂਟਿੰਗ ਟੀਮ, ਫਲਾਈਇੰਗ ਸਕਾਊਟ ਟੀਮ, ਸਟੈਟਿਕਸ ਸਰਵੈਲੈਸ ਟੀਮ (ਐਸ ਐਸ ਟੀ), ਵੀਡੀਓ ਸਰਵੈਲੈਂਸ ਟੀਮ (ਵੀਐਸਟੀ), ਵੀਡੀਓ ਵਿਊਇੰਗ ਟੀਮ (ਵੀਵੀਟੀ), ਮੀਡੀਆ ਸਰਟੀਫ਼ਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ(ਐਮਸੀਐਮਸੀ), ਜ਼ਿਲ੍ਹਾ ਕੰਪਲੈਂਟ ਸੈਲ ਆਦਿ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।