ਵਿਸ਼ੇਸ਼ ਸਫਾਈ ਮੁਹਿੰਮ ਤਹਿਤ ਨਗਰ ਕੌਂਸਲ ਤਰਨ ਤਾਰਨ ਵੱਲੋਂ ਸਫਾਈ ਦੇ ਕੰਮ ਨੂੰ ਲੈ ਕੇ ਸ਼ਹਿਰ ਵਿੱਚ ਚਲਾਈਆਂ ਜਾ ਰਹੀਆਂ ਹਨ ਸਫ਼ਾਈ ਗਤੀਵਿਧੀਆਂ-ਕਾਰਜ ਸਾਧਕ ਅਫ਼ਸਰ

  • ਸ਼ਹਿਰ ਵਾਸੀਆਂ ਨੂੰ ਇਸ ਸਫਾਈ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਕੀਤੀ ਅਪੀਲ

ਤਰਨ ਤਾਰਨ, 22 ਅਗਸਤ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਫ਼-ਸਫ਼ਾਈ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਇਸੇ ਲੜੀ ਤਹਿਤ 19 ਤੋਂ 23 ਅਗਸਤ, 2024 ਤੱਕ ਨਗਰ ਕੌਂਸਲਾਂ, ਨਗਰ ਪੰਚਾਇਤ ਅਤੇ ਨਗਰ ਨਿਗਮਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ  ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਤਰਨ ਤਾਰਨ ਸ੍ਰੀ ਕਮਲਜੀਤ ਸਿੰਘ ਨੇ ਦੱਸਿਆ ਕਿ  ਇਸ ਸਫ਼ਾਈ ਮੁਹਿੰਮ ਤਹਿਤ ਨਗਰ ਕੌਂਸਲ ਤਰਨ ਤਾਰਨ ਵੱਲੋਂ ਸਫਾਈ ਦੇ ਕੰਮ ਨੂੰ ਲੈ ਕੇ ਸ਼ਹਿਰ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੌਰਾਨ ਸ਼ਹਿਰ ਵਿੱਚੋਂ ਲੰਘ ਰਹੇ ਡਵਾਈਡਰ `ਤੇ ਲੱਗੇ ਬੂਟਿਆ ਦੀ ਛਾਂਗ ਛਗਾਈ ਅਤੇ ਮਾਲੀਆਂ ਰਾਹੀਆਂ ਡਵਾਈਡਰਾਂ ਵਿੱਚੋਂ ਘਾਹ ਬੂਟੀ ਕੱਢ ਕੇ ਅਤੇ ਡਵਾਈਡਰ ਵਿੱਚ ਖਾਲੀ ਥਾਵਾਂ `ਤੇ ਨਵੇਂ ਬੂਟੇ ਲਗਾ ਕੇ ਡਵਾਈਡਰ ਨੂੰ ਸਾਫ ਸੁਥਰਾ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਫ਼ਾਈ ਮੁਹਿੰਮ ਦੌਰਾਨ ਗਊਸ਼ਾਲਾ ਰੋਡ ਉੱਪਰ ਨੇੜੇ ਗਊਸ਼ਾਲਾ ਲਾਗੇ ਪਏ ਜੀਵੀਪੀ ਨੂੰ ਤੇ ਪੁਰਾਣੇ ਕੂੜੇ ਨੂੰ ਸਾਫ਼ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਜਗ੍ਹਾ `ਤੇ ਆਮ ਲੋਕਾਂ ਵੱਲੋਂ ਗਊਆਂ ਨੂੰ ਦਾਣਾ ਪਾਉਣ ਉਪਰੰਤ ਪਲਾਸਟਿਕ ਦੇ ਲਿਫਾਫ਼ੇ ਬਾਹਰ ਸੁੱਟ ਦਿੱਤੇ ਜਾਂਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਮੌਕੇ ਉੱਪਰ ਲੋਹੇ ਦਾ ਕੇਜ਼ ਬਣਾ ਕੇ ਕੰਕਰੀਟ ਭਰ ਕੇ ਕੇਜ਼ ਫੀਕਸ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਵੱਲੋਂ ਪਲਾਸਟਿਕ ਦੇ ਲਿਫਾਫੇ ਇਸ ਕੇਜ਼ ਵਿੱਚ ਪਾਏ ਜਾ ਸਕਣ। ਉਹਨਾਂ ਦੱਸਿਆ ਕਿ ਇਸ ਜਗ੍ਹਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੋਟੀਵੇਟਰ ਦੀ ਡਿਊਟੀ ਵੀ ਲਗਾਈ ਗਈ ਹੈ। ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਝਬਾਲ ਰੋਡ ਬਾਈਪਾਸ `ਤੇ ਬਣੇ ਬੱਸ ਸਟੈਂਡ ਸ਼ੈਲਟਰ ਦੀ ਪੂਰਨ ਤੌਰ `ਤੇ ਸਾਫ ਸਫਾਈ ਕਰਵਾਈ ਗਈ ਹੈ ਅਤੇ ਨਾਲ ਲੱਗਦੇ ਫਰੂਟ ਅਤੇ ਸਬਜੀਆਂ ਦੀਆਂ ਰੇਹੜੀਆਂ ਦੇ ਚਾਲਕਾਂ ਨੂੰ ਰੇਹੜੀਆਂ ਨਜ਼ਦੀਕ ਸਾਫ਼ ਸਫਾਈ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਹੈ ਅਤੇ ਝਬਾਲ ਬਾਈਪਾਸ ਦੀ ਸਾਫ਼-ਸਫਾਈ ਕਰਵਾਈ ਗਈ ਹੈ। ਇਸ ਦੇ ਨਾਲ ਹੀ ਦਿਆਲ ਬਾਗ ਨੇੜੇ ਲੋਕਾਂ ਵੱਲੋਂ ਸੁੱਟੇ ਜਾਂਦੇ ਕੂੜੇ ਅਤੇ ਮਲਬੇ ਦੀ ਸਾਫ਼ ਸਫਾਈ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਸਫ਼ਾਈ ਮੁਹਿੰਮ ਤਹਿਤ ਸ਼ੀਹਰ ਵਿੱਚ ਇਹ ਕੰਮ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇ। ਉਨ੍ਹਾਂ ਲੋਕਾ ਨੂੰ ਕਿਹਾ ਕਿ ਜੇਕਰ ਘਰ ਦੇ ਨੇੜੇ ਕਿਤੇ ਵੀ ਜੀ. ਵੀ. ਪੀ ਹੈ ਤਾਂ ਤੁਰੰਤ ਇਸ ਬਾਰੇ ਨਗਰ ਕੌਂਸਲ ਤਰਨ ਤਾਰਨ ਨੂੰ ਸੂਚਿਤ ਕੀਤਾ ਜਾਵੇ।