ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਾਂ ਬਣਾਉਣ ਲਈ 27 ਤੇ 28 ਜਨਵਰੀ ਨੂੰ ਸਪੈਸ਼ਲ ਕੈਂਪ ਲੱਗਣਗੇ

ਗੁਰਦਾਸਪੁਰ, 22 ਜਨਵਰੀ : ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਜਾਰੀ ਕੀਤੇ ਗਏ ਰਿਵਾਈਜ਼ਡ ਸ਼ਡਿਊਲ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਾਂ ਬਣਾਉਣ ਦਾ ਕੰਮ ਮਿਤੀ 29.02.2024 ਤੱਕ ਮੁਕੰਮਲ ਕੀਤਾ ਜਾਣਾ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਯੋਗ ਵੋਟਰਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਿਤੀ 27 ਤੇ 28 ਜਨਵਰੀ  (ਸ਼ਨੀਵਾਰ ਤੇ ਐਤਵਾਰ) ਨੂੰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਸਪੈਸ਼ਲ ਕੈਂਪ ਲਗਾਏ ਜਾਣਗੇ, ਜਿਸ ਵਿੱਚ ਪਟਵਾਰੀਆਂ ਅਤੇ ਬੀ.ਐਲ.ਓਜ਼. ਵੱਲੋਂ ਆਪਣੇ ਏਰੀਏ ਵਿਚ ਡੋਰ ਟੂ ਡੋਰ ਜਾ ਕੇ ਯੋਗ ਬਿਨੈਕਾਰਾਂ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਪੈਸ਼ਲ ਕੈਂਪ ਦੀ ਸਮਾਪਤੀ ਉਪਰੰਤ ਪਟਵਾਰੀਆਂ ਵੱਲੋਂ ਆਪਣੇ ਏਰੀਏ ਦੇ ਬੀ.ਐਲ.ਓਜ਼. ਪਾਸੋਂ ਫਾਰਮ ਇੱਕਤਰ ਕਰਕੇ ਸਬੰਧਤ ਰਿਵਾਈਜ਼ਿੰਗ ਅਥਾਰਟੀਜ਼ ਪਾਸ ਜਮ੍ਹਾ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 27 ਤੇ 28 ਜਨਵਰੀ ਨੂੰ ਲੱਗ ਰਹੇ ਸਪੈਸ਼ਲ ਕੈਂਪਾਂ ਦੌਰਾਨ ਆਪਣੀਆਂ ਵੋਟਾਂ ਜਰੂਰ ਬਣਵਾ ਲੈਣ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਾਂ ਬਣਾਉਣ ਦੀ ਆਖਰੀ ਮਿਤੀ 29 ਫਰਵਰੀ 2024 ਤੱਕ ਹੈ। ਉਨ੍ਹਾਂ ਕਿਹਾ ਕਿ ਵੋਟਾਂ ਬਣਵਾਉਣ ਸਬੰਧੀ ਕੋਈ ਵੀ ਜਾਣਕਾਰੀ ਲੈਣ ਜਾਂ ਮੁਸ਼ਕਲ ਆਉਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 1800-180-1852 ਜਾਂ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।