ਸਿੱਖਾਂ ਨੂੰ ਕਿਤੋਂ ਵੀ ਇਨਸਾਫ਼ ਮਿਲਣ ਦੀ ਆਸ ਨਹੀਂ ਹੈ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 5 ਫਰਵਰੀ : ਸੁਪ੍ਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਪਟੀਸ਼ਨ ਖਾਰਜ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਕਿਤੋਂ ਵੀ ਇਨਸਾਫ਼ ਮਿਲਣ ਦੀ ਆਸ ਨਹੀਂ ਹੈ, ਉਨ੍ਹਾਂ ਕਿਹਾ ਕਿ 1947 ਤੋਂ ਹੁਣ ਤੱਕ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਕੋਈ ਜਾਇਜ਼ ਗੱਲ ਸਿੱਖਾਂ ਦੇ ਹੱਕ ਵਿਚ ਨਹੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਰਨਲ ਇਜਲਾਸ ਵਿਚ ਆਲ ਇੰਡੀਆ ਗੁਰਦੁਆਰਾ ਐਕਟ ਦਾ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਭੇਜਣਾ ਚਾਹੀਦਾ ਹੈ ਅਤੇ ਆਲ ਇੰਡੀਆ ਐਕਟ ਵੱਲ ਵਧਣਾ ਚਾਹੀਦਾ ਹੈ। ਜੇ ਭਾਰਤ ਸਰਕਾਰ ਆਲ ਇੰਡੀਆ ਗੁਰਦੁਆਰਾ ਐਕਟ ਪਾਸ ਨਹੀਂ ਕਰਦੀ ਜਿਸ ਤਰ੍ਹਾਂ ਹਰਿਆਣਾ ਦੇ ਸਿੱਖਾਂ ਨੇ ਆਪਣੀ ਵੱਖਰੀ ਕਮੇਟੀ ਬਣਾ ਲਈ ਹੈ ਉਸੇ ਤਰ੍ਹਾਂ ਹਿਮਾਚਲ ਦੀ ਵੀ ਵੱਖਰੀ ਕਮੇਟੀ ਬਣ ਜਾਵੇਗੀ, ਫਿਰ ਪੰਜਾਬ ਦੇ ਸਿੱਖਾਂ ਨੂੰ ਵੀ ਸ਼੍ਰੋਮਣੀ ਕਮੇਟੀ ਆਪਣੇ ਢੰਗ ਨਾਲ ਆਪ ਚਲਾਉਣ ਦਾ ਅਧਿਕਾਰ ਹੈ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਪਾਰਲੀਮੈਂਟ ਦੇ ਜੂਲੇ ਥੱਲਿਉਂ ਸ਼੍ਰੋਮਣੀ ਕਮੇਟੀ ਨੂੰ ਕੱਢ ਲੈਣਾ ਚਾਹੀਦਾ ਹੈ, ਸ਼੍ਰੋਮਣੀ ਕਮੇਟੀ ਨੂੰ ਭਾਰਤੀ ਪਾਰਲੀਮੈਂਟ ਦੇ ਜੂਲੇ ਥੱਲਿਓ ਕੱਢਣ ਲਈ ਸ਼੍ਰੋਮਣੀ ਕਮੇਟੀ ਨੂੰ ਚਾਰਾਜੋਈ ਕਰਨੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਹਰਿਆਣੇ ਨੂੰ ਹਰਿਆਣਾ ਕਮੇਟੀ ਚਲਾਉਣ ਦਾ ਅਧਿਕਾਰ ਹੈ ਫਿਰ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੀ ਸ਼੍ਰੋਮਣੀ ਕਮੇਟੀ ਚਲਾਉਣ ਦਾ ਅਧਿਕਾਰ ਕਿਉਂ ਨਹੀਂ ਹੈ?