ਐੱਸਡੀਐੱਮ ਘੁੰਮਣ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਰਿਹਰਸਲ ਹੋਈ

  • ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਾਂ, ਪੰਜਾਬ ਪੁਲਿਸ ਬੈਂਡ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਾਰਚ ਪਾਸਟ
  • ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਵਿਖੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ

ਗੁਰਦਾਸਪੁਰ, 22 ਜਨਵਰੀ : ਅੱਜ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਰਿਹਰਸਲ ਕਰਵਾਈ ਗਈ। ਰਿਹਰਸਲ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਸਿੰਘ ਘੁੰਮਣ ਵੱਲੋਂ ਨਿਭਾਈ ਗਈ। ਮੁੱਖ ਮਹਿਮਾਨ ਵੱਲੋਂ ਪਰੇਡ ਦਾ ਮੁਆਇਨਾ ਕਰਨ ਤੋਂ ਬਾਅਦ ਪਰੇਡ ਕਮਾਂਡਰ ਡੀ.ਐੱਸ.ਪੀ. ਕਲਾਨੌਰ ਸ. ਗੁਰਵਿੰਦਰ ਸਿੰਘ ਚੰਦੀ ਦੀ ਕਮਾਂਡ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਪੁਲਿਸ ਦੀ ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਾਂ, ਪੰਜਾਬ ਪੁਲਿਸ ਬੈਂਡ ਅਤੇ ਸਕੂਲੀ ਵਿਦਿਆਰਥੀਆਂ ਦੇ ਬੈਂਡ ਵੱਲੋਂ ਸ਼ਾਨਦਾਰ ਪਾਰਚ ਪਾਸਟ ਕੀਤਾ ਗਿਆ। ਇਸ ਤੋਂ ਬਾਅਦ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਮਾਸ ਪੀ.ਟੀ. ਸ਼ੋਅ ਅਤੇ ਪੰਜਾਬੀ ਸੱਭਿਆਚਾਰ ਤੇ ਦੇਸ਼ ਭਗਤੀ ਨਾਲ ਲਬਰੇਜ਼ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਸਿੰਘ ਘੁੰਮਣ ਨੇ ਕਿਹਾ ਕਿ 26 ਜਨਵਰੀ ਨੂੰ ਗੁਰਦਾਸਪੁਰ ਵਿਖੇ ਪੂਰੇ ਉਤਸ਼ਾਹ ਨਾਲ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਣਤੰਤਰ ਦਿਵਸ ਸਮਾਗਮ ਵਿੱਚ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਲਾਜ਼ਮੀ ਹੈ ਅਤੇ ਸਾਰੇ ਆਪਣਾ ਫ਼ਰਜ ਸਮਝਦੇ ਹੋਏ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ। ਇਸਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋ ਕੇ ਰੌਣਕਾਂ ਨੂੰ ਵਧਾਉਣ। ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਸਿੰਘ ਘੁੰਮਣ ਨੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਂਦਿਆਂ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰ ਵਿਭਾਗ ਦਾ ਅਧਿਕਾਰੀ ਆਪਣੇ ਜਿੰਮੇ ਆਈ ਡਿਊਟੀ ਨੂੰ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਲਵੇ। ਉਨਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਮੌਕੇ ਪੇਸ਼ ਕੀਤੀਆਂ ਜਾਣ ਵਾਲੀਆਂ ਝਾਕੀਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਨੂੰ ਦਰਸਾਇਆ ਜਾਵੇ ਅਤੇ ਇਸ ਸਬੰਧੀ ਤਿਆਰੀ ਵੀ ਮੁਕੰਮਲ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ ਅਤੇ ਇਸਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇ। ਅੱਜ ਦੀ ਰਿਹਰਸਲ ਮੌਕੇ ਸਹਾਇਕ ਕਮਿਸ਼ਨਰ (ਜ) ਮੈਡਮ ਅਰਵਿਨ ਕੌਰ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਮਤਾ ਖੁਰਾਣਾ ਸੇਠੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸ਼ਾਮ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।