ਤਰਨਤਾਰਨ ਦੇ ਪਿੰਡ ਮੀਆਂਵਿੰਡ ਦੇ ਨਜ਼ਦੀਕ ਸਕੂਲ ਬੱਸ ਤੇ ਓਵਰਲੋਡ ਟਿੱਪਰ ਸਿੱਧੀ ਟੱਕਰ, ਇਕ ਬੱਚੇ ਦੀ ਮੌਤ 

ਤਰਨਤਾਰਨ, 17 ਫਰਵਰੀ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਾਂ ਤਲਵੰਡੀ ਤੇ ਮੀਆਂਵਿੰਡ ਵਿਚਕਾਰ ਸਕੂਲ ਬੱਸ ਤੇ ਓਵਰਲੋਡ ਟਿੱਪਰ ਦੀ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਸਕੂਲ ਬੱਸ ’ਚ ਸਵਾਰ ਇਕ ਬੱਚੇ ਦੀ ਮੌਤ ਹੋ ਗਈ। ਉਥੇ ਹੀ ਬੱਸ ਦਾ ਚਾਲਕ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ।ਜਾਣਕਾਰੀ ਅਨੁਸਾਰ ਬਿਆਸ ਦੇ ਆਰਮੀ ਸਕੂਲ ਦੀ ਬੱਸ ਸਵੇਰੇ ਮੀਆਂਵਿੰਡ ਤੋਂ ਸਾਢੇ ਕੁ ਸੱਤ ਵਜੇ ਦੇ ਕਰੀਬ ਬੱਚਿਆਂ ਨੂੰ ਲੈ ਕੇ ਬਿਆਸ ਜਾ ਰਹੀ ਸੀ। ਉਕਤ ਬੱਸ ਨੂੰ ਬੱਸ ਦਾ ਮਾਲਕ ਸਤਨਾਮ ਸਿੰਘ ਖੁਦ ਚਲਾ ਰਿਹਾ ਸੀ। ਜਦੋਂ ਇਹ ਬੱਸ ਪਿੰਡ ਸਰਾਂ ਨੇੜੇ ਪੁੱਜੀ ਤਾਂ ਓਵਰਲੋਡ ਟਿੱਪਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਬੱਸ ਵਿਚ ਡਰਾਈਵਰ ਸਤਨਾਮ ਸਿੰਘ ਦਾ ਲੜਕਾ ਤੇ ਪਿੰਡ ਜਵੰਦਪੁਰ ਦੇ ਸਿਕੰਦਰ ਸਿੰਘ ਦੇ ਦੋ ਲੜਕੇ ਸਾਹਿਲ ਅਤੇ ਅੰਸ਼ ਵੀ ਮੌਜੂਦ ਸਨ। ਇਸ ਭਿਆਨਕ ਹਾਦਸੇ ਵਿਚ 13-14 ਸਾਲ ਦੇ ਬੱਚੇ ਸਾਹਿਲ ਦੀ ਮੌਤ ਹੋ ਗਈ। ਜਦੋਕਿ ਡਰਾਈਵਰ ਸਤਨਾਮ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਜਦੋਂਕਿ ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਅਧਿਕਾਰੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਹੈ ਕਿ ਹਾਦਸਾਗ੍ਰਸਤ ਵਾਹਨ ਕਬਜੇ ਵਿੱਚ ਲੈ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਵਾਹਨ ਚਾਲਕ ਮੌਕੇ ਉੱਤੋਂ ਫਰਾਰ ਹੋ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।