ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਫੜੇ ਗਏ ਬੇਕਸੂਰਾਂ ਵਿਚੋਂ 40 ਨੌਜਵਾਨਾਂ ਨੂੰ ਸਾਡੀ ਲੀਗਲ ਟੀਮ ਨੇ ਛੁਡਵਾਇਆ ਹੈ : ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ, 26 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਫੜੇ ਗਏ ਬੇਕਸੂਰਾਂ ਵਿਚੋਂ 40 ਨੌਜਵਾਨਾਂ ਨੂੰ ਸਾਡੀ ਲੀਗਲ ਟੀਮ ਨੇ ਛੁਡਵਾਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਪਰਿਵਾਰ ਸਾਡੇ ਕੋਲ ਪਹੁੰਚ ਚੁੱਕੇ ਹਨ। ਉਨ੍ਹਾਂ ਆਖਿਆ ਕਿ ਉਹ ਆਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕਰਦੇ ਹਨ ਕਿ ਜਿਥੇ-ਜਿਥੇ ਵੀ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਹੈ, ਉਥੇ ਜਾ ਕੇ ਉਨ੍ਹਾਂ ਦੀ ਪਰਿਵਾਰਾਂ ਨੂੰ ਮਿਲਿਆ ਜਾਵੇ ਤੇ ਬਣਦੀ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹੋ ਇਹ ਰਿਹਾ ਹੈ ਕਿ ਕਿਸੇ ਬੱਚੇ ਨੇ ਕੋਈ ਪੋਸਟ ਸ਼ੇਅਰ ਕੀਤੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆਂ ਜਾਂਦਾ ਹੈ। ਪੋਸਟ ਸ਼ੇਅਰ ਕਰਨਾ ਕੋਈ ਜੁਰਮ ਨਹੀਂ ਹੈ। ਜੇਕਰ ਤੁਸੀਂ ਵਾਰ-ਵਾਰ ਉਨ੍ਹਾਂ ਨੂੰ ਗ੍ਰਿਫਤਾਰ ਕਰੋਗੇ, ਜੁਲਮ ਕਰੋਗੇ ਤਾਂ ਜਵਾਨੀ ਤਾਂ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਹੈ। ਪ੍ਰਧਾਨ ਬਾਦਲ  ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜਿਸਦੀ ਬਦੌਲਤ ਉਹ ਮਲੌਟ, ਬਰਨਾਲਾ, ਅਜਨਾਲਾ ਤੇ ਬਾਬਾ ਬਕਾਲਾ ਤੋਂ ਕੇਸਾਂ ਵਿਚ ਜ਼ਮਾਨਤ ਹਾਸਲ ਕਰ ਸਕੇ ਹਨ।  ਉਨ੍ਹਾਂ ਆਪ ਸਰਕਾਰ ਨੂੰ ਆਖਿਆ ਕਿ ਉਹ ਸਿੱਖ ਨੌਜਵਾਨਾਂ ਖ਼ਿਲਾਫ਼ ਕਾਲੇ ਸਖ਼ਤ ਕਾਨੂੰਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਬਿਨਾਂ ਢੁਕਵੇਂ ਕਾਰਨਾਂ ਦੇ ਗ੍ਰਿਫਤਾਰੀਆਂ ਕਰਨ ਨਾਲ ਸਮਾਜ ਵਿਚ ਕੁੜਤਣ ਪੈਦਾ ਹੁੰਦੀ ਹੈ ਤੇ ਇਸ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੁੰਦੀ ਹੈ। ਬਾਦਲ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੇ ਕੁਪ੍ਰਬੰਧਨ ਦਾ ਪੰਜਾਬ ’ਤੇ ਮਾਰੂ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਅਸੀਂ ਸੂਬੇ ਵਿਚ ਉਦਯੋਗਿਕ ਨਿਵੇਸ਼ ਗੁਆਇਆ ਹੈ, ਬਲਕਿ ਘਰੇਲੂ ਉਦਯੋਗ ਵੀ ਹੋਰ ਰਾਜਾਂ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਉਲਟ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸ਼ਾਂਤੀ ਤੇ ਫਿਰਕੂ ਭਾਵਨਾ ਦੇ ਮਾਹੌਲ ਦੀ ਬਦੌਲਤ ਵੱਡੀ ਪੱਧਰ ’ਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਕੀਤੀ ਗਈ ਭਾਵੇਂ ਉਹ ਸੜਕੀ ਨੈੱਟਵਰਕ ਹੋਵੇ ਜਾਂ ਫਿਰ ਹਵਾਈ ਨੈੱਟਵਰਕ ਤੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਨਾ ਸਿਰਫ ਇਨ੍ਹਾਂ ਪ੍ਰਾਪਤੀਆਂ ਨੂੰ ਰੋਲ਼ਿਆ ਹੈ, ਬਲਕਿ ਵਿਕਾਸ ਕਾਰਜ ਵੀ ਠੱਪ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹਾ ਮੁੱਖ ਮੰਤਰੀ ਹੈ ਜੋ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਏਜੰਡੇ ਦੇ ਪਸਾਰ ਵਾਸਤੇ ਇਕ ਰਾਜ ਤੋਂ ਦੂਜੇ ਪਹੁੰਚ ਜਾਂਦਾ ਹੈ।