ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰੇਕ ਪਿੰਡ ਵਿਚ ਮੌਕਾ ਵੇਖ ਕੇ ਬਨਾਉਣ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ : ਡਿਪਟੀ ਕਮਿਸ਼ਨਰ ਸੂਦਨ

ਅੰਮ੍ਰਿਤਸਰ, 03 ਅਪ੍ਰੈਲ : ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜਿਲ੍ਹੇ ਵਿਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਸਹੀ ਜਾਣਕਾਰੀ ਪਤਾ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਹਰੇਕ ਪਿੰਡ ਤੱਕ ਪਹੁੰਚ ਕਰਨ ਦੀ ਹਦਾਇਤ ਕੀਤੀ ਹੈ। ਅੱਜ ਖੇਤੀਬਾੜੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਸ੍ਰੀ ਸੂਦਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਦੇਣਾ ਚਾਹੁੰਦੀ ਹੈ ਅਤੇ ਉਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੀ ਰਿਪੋਰਟ ਸਮੇਂ ਨਾਲ ਦਿਉ। ਉਨਾਂ ਕਿਹਾ ਕਿ ਜਿਲ੍ਹੇ ਵਿਚ ਕਣਕ ਤੋਂ ਇਲਾਵਾ ਸਬਜੀ, ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਵੀ ਬੀਜੀਆਂ ਜਾਂਦੀਆਂ ਹਨ ਅਤੇ ਹਰੇਕ ਫਸਲ ਉਤੇ ਮੀਂਹ ਦਾ ਅਸਰ ਵੱਖੋ-ਵੱਖ ਹੈ, ਸੋ ਤੁਸੀਂ ਹਰੇਕ ਪਿੰਡ ਪਹੁੰਚ ਕੇ ਫਸਲਾਂ ਦੀ ਸਹੀ ਜਾਣਕਾਰੀ ਇਕੱਠੀ ਕਰੋ ਅਤੇ ਇਸਦੀ ਰਿਪੋਰਟ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਦਿਉ। ਉਨਾਂ ਦੱਸਿਆ ਕਿ ਹੁਣ ਤੱਕ ਆਈ ਰਿਪੋਰਟ ਵਿਚ ਕਰੀਬ 2000 ਹੈਕਟੇਅਰ ਤੋਂ ਵੱਧ ਰਕਬੇ ਵਿਚ 33 ਤੋਂ 75 ਫੀਸਦੀ ਤੱਕ ਦਾ ਨੁਕਸਾਨ ਹੋਇਆ ਹੈ ਅਤੇ ਕੱਲ ਰਾਤ ਹੋਈ ਗੜੇਮਾਰੀ ਕਾਰਨ ਤਿੰਨ ਪਿੰਡਾਂ ਵਿਚ 100 ਫੀਸਦੀ ਨੁਕਸਾਨ ਦੀ ਰਿਪੋਰਟ ਹੈ।  ਉਨਾਂ ਕਿਹਾ ਕਿ ਸਾਡੇ ਜਿਲ੍ਹੇ ਵਿਚ 75000 ਦੇ ਕਰੀਬ ਹੈਕਟੇਅਰ ਵਿਚ 10 ਪ੍ਰਤੀਸ਼ਤ ਤੋਂ ਲੈ ਕੇ 100 ਫੀਸਦੀ ਨੁਕਾਸਨ ਦੀ ਰਿਪੋਰਟ ਹੈ, ਪਰ ਕਿਸਾਨ ਨੂੰ ਮੁਆਵਜ਼ਾ ਫਸਲ ਦੇ ਨੁਕਸਾਨ ਦੇ ਹਿਸਾਬ ਨਾਲ ਹੀ ਮਿਲਣਾ ਹੈ, ਸੋ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰੇਕ ਖੇਤ ਤੱਕ ਜਾਣ ਤੇ ਫਸਲਾਂ ਦੇ ਹੋਏ ਨੁਕਸਾਨ ਦੀ ਸਹੀ ਰਿਪੋਰਟ ਤਿਆਰ ਕਰਨ, ਤਾਂ ਜੋ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾ ਸਕੇ। ਉਨਾਂ ਨਾਲ ਹਾਜ਼ਰ ਮੁੱਖ ਖੇਤੀਬਾੜੀ ਅਧਿਕਾਰੀ ਸ. ਜਤਿੰਦਰ ਸਿੰਘ ਗਿੱਲ ਨੇ ਭਰੋਸਾ ਦਿੱਤਾ ਕਿ ਸਾਡੇ ਮਾਹਿਰ ਅਧਿਕਾਰੀ, ਜਿੰਨਾ ਦੀ ਗਿਣਤੀ ਕਰੀਬ 84 ਦੇ ਕਰੀਬ ਹੈ, ਜਿਲ੍ਹੇ ਵਿਚ ਤਾਇਨਾਤ ਹਨ ਅਤੇ ਅਸੀਂ ਹਰੇਕ ਪਿੰਡ ਦਾ ਸਹੀ ਡੈਟਾ ਇਕੱਠਾ ਕਰਾਂਗੇ।