- ਛੋਟਾ ਪਰਿਵਾਰ ਹੈ ਖੁਸ਼ਹਾਲੀ ਦਾ ਆਧਾਰ : ਡਿਪਟੀ ਕਮਿਸ਼ਨਰ
- 24 ਜੁਲਾਈ ਤੱਕ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਨਲਬੰਦੀ ਅਤੇ ਨਸਬੰਦੀ ਕੈਂਪ ਲਗਾਏ ਜਾਣਗੇ ਸਿਵਲ ਸਰਜਨ
ਗੁਰਦਾਸਪੁਰ, 11 ਜੁਲਾਈ : ਵਿਸ਼ਵ ਅਬਾਦੀ ਦਿਵਸ ਮੌਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਗੁਰਦਾਸਪੁਰ ਵਿਖੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਛੋਟਾ ਪਰਿਵਾਰ, ਸੁਖੀ ਪਰਿਵਾਰ ਹੁੰਦਾ ਹੈ ਅਤੇ ਸਮਾਜ ਨੂੰ ਇਸ ਨਾਅਰੇ ਨੂੰ ਸਾਰਥਿਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੱਧਦੀ ਆਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਜਰੂਰੀ ਹੈ ਕਿ ਪਰਿਵਾਰ ਛੋਟਾ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਅਬਾਦੀ ਨੂੰ ਘੱਟ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਛੋਟੇ ਪਰਿਵਾਰ ਪ੍ਰਤੀ ਜਾਗਰੂਕ ਕਰਨ ਲਈ ਅੱਜ ਜਾਗਰੂਕਤਾ ਰੈਲੀ ਵੀ ਕੱਢੀ ਗਈ ਹੈ ਅਤੇ ਸਿਹਤ ਵਿਭਾਗ ਦੇ ਇਹ ਯਤਨ ਹਾਂ-ਪੱਖੀ ਨਤੀਜੇ ਦੇਣਗੇ। ਇਸ ਉਪਰੰਤ ਵਿਸ਼ਵ ਆਬਾਦੀ ਦਿਵਸ ਦੇ ਸਬੰਧ ਵਿਚ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਕਿਹਾ ਕਿ ਪੱਕੇ ਅਤੇ ਕੱਚੇ ਤਰੀਕਿਆਂ ਨਾਲ ਅਸੀਂ ਪਰਿਵਾਰ ਨਿਯੋਜਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਸਬੰਧੀ ਕੰਡੋਮ, ਗਰਭ ਨਿਰੋਧਕ ਗੋਲੀਆਂ, ਇੰਜੈਕਸ਼ਨ ਮੁਫ਼ਤ ਵਿੱਚ ਦਿੱਤੇ ਜਾਂਦੇ ਹਨ। ਨਲਬੰਦੀ ਅਤੇ ਨਸਬੰਦੀ ਕਰਵਾਉਣ ’ਤੇ ਲਾਭਪਾਤਰੀ ਨੂੰ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਸਬੰਧੀ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ 24 ਜੁਲਾਈ ਤੱਕ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਨਲਬੰਦੀ ਅਤੇ ਨਸਬੰਦੀ ਕੈਂਪ ਲਗਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਡੀ.ਐੱਮ.ਸੀ. ਡਾ. ਰੋਮੀ ਰਾਜਾ, ਡੀ.ਆਈ.ਓ ਡਾ. ਅਰਵਿੰਦ ਮਨਚੰਦਾ, ਡੀ.ਡੀ.ਐੱਚ.ਓ. ਡਾ. ਲੋਕੇਸ਼ ਆਦਿ ਹਾਜ਼ਰ ਸਨ।