
- ਬਟਾਲਾ ਦੇ ਵਿਕਾਸ ਲਈ ਵੱਖ-ਵੱਖ ਪਹਿਲੂਆਂ ’ਤੇ ਕੀਤੀ ਵਿਚਾਰ ਚਰਚਾ
ਬਟਾਲਾ, 5 ਮਾਰਚ 2025 : ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਵਲੋਂ ਬਟਾਲਾ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ, ਜਿਸ ਦੇ ਚੱਲਦਿਆਂ ਉਨਾਂ ਵਲੋਂ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ, ਸ੍ਰੀ ਰਵਜੋਤ ਸਿੰਘ ਨਾਲ ਮੀਟਿੰਗ ਕੀਤੀ ਗਈ ਅਤੇ ਬਟਾਲਾ ਦੇ ਸਰਬਪੱਖੀ ਵਿਕਾਸ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਵਿਧਾਇਕ ਸ਼ੈਰੀ ਕਲਸੀ ਵਲੋਂ ਕੈਬਨਿਟ ਮੰਤਰੀ ਸ੍ਰੀ ਰਵਜੋਤ ਸਿੰਘ ਨਾਲ ਗੱਲ ਕਰਦਿਆਂ ਉਨਾਂ ਦੇ ਧਿਆਨ ਵਿੱਚ ਬਟਾਲਾ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਵਾਸੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ-ਨਾਲ ਬਟਾਲਾ ਦੇ ਵਿਕਾਸ ਸਬੰਧੀ ਕੈਬਨਿਟ ਮੰਤਰੀ ਪੰਜਾਬ ਨਾਲ ਹਾਂਪੱਖੀ ਮੀਟਿੰਗ ਹੋਈ ਹੈ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਰਵਜੋਤ ਸਿੰਘ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਕਿਹਾ ਕਿ ਬਟਾਲਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਜਲਦ ਹੱਲ ਕੀਤਾ ਜਾਵੇਗਾ ਅਤੇ ਉਨਾਂ ਵਲੋਂ ਜੋ ਵੀ ਮੁੱਦੇ ਉਨਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ, ਉਨਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਪੰਜਾਬ ਰਵਜੋਤ ਸਿੰਘ ਨੇ ਅੱਗੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੂਬੇ ਅੰਦਰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟਾਂ ਦੇ ਕੰਮਕਾਜ, ਕੂੜੇ ਦੇ ਪੁਰਾਣੇ ਢੇਰਾਂ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ , ਰੋਜ਼ਾਨਾ ਗਲੀਆਂ ਦੀ ਸਫਾਈ ਯਕੀਨੀ ਬਣਾਉਣ ਲਈ ਡੰਪਿੰਗ ਸਾਈਟਾਂ ਨੂੰ ਘਟਾਉਣ ਅਤੇ ਘਰਾਂ ਤੋਂ ਕੂੜਾ ਇਕੱਠਾ ਕਰਨ ਨੂੰ ਵਧਾਉਣ ਲਈ ਠੋਸ ਕੰਮ ਕਰਨ ਲਈ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ। ਵਿਭਾਗ ਵਲੋਂ ਸ਼ਹਿਰੀ ਖੇਤਰਾਂ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਪੁਰਾਣੀਆਂ ਸਟਰੀਟ ਲਾਈਟਾਂ ਦੀ ਤੁਰੰਤ ਮੁਰੰਮਤ ਅਤੇ ਨਵੀਆਂ ਤੇਜ਼ੀ ਨਾਲ ਲਗਾਉਣ, ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਪਾਰਕਿੰਗ ਅਤੇ ਟਰੈਫਿਕ ਭੀੜ ਦੇ ਹੱਲ ਲਈ, ਐਂਟਰੀ ਪੁਆਇੰਟਾਂ ’ਤੇ ਸੁੰਦਰੀਕਰਨ, ਸਫ਼ਾਈ, ਸੜਕ ਡਿਵਾਈਡਰਾਂ ਦੀ ਸਹੀ ਦੇਖਭਾਲ ਅਤੇ ਲੋੜੀਂਦੀਆਂ ਲਾਇਟਾਂ ਲਗਾਉਣ ਲਈ ਸਬੰਧਤ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸੂਬੇ ਦੇ ਵਸਨੀਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ ਹੈ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਂਦੀ ਗਈ ਹੈ।